Cockroach Janta Party ’ਚ ਸ਼ਾਮਲ ਹੋਣ ਦੇ ਬਹਾਨੇ ਸਾਈਬਰ ਠੱਗ ਭੇਜ ਰਹੇ ਨੇ ਧੋਖਾਧੜੀ ਵਾਲੇ ਲਿੰਕ: ਲੁਧਿਆਣਾ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ, ਜਾਂਚ ਸ਼ੁਰੂ
ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦੇਸ਼ ਭਰ ਵਿੱਚ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਵਿਅੰਗਾਤਮਕ ਜਥੇਬੰਦੀ Cockroach Janta Party (CJP) ਦੀ ਪ੍ਰਸਿੱਧੀ ਦਾ ਫਾਇਦਾ ਹੁਣ ਸਾਈਬਰ ਅਪਰਾਧੀਆਂ ਨੇ ਵੀ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਪੁਲੀਸ ਦੀ ਜਨਤਕ ਐਡਵਾਈਜ਼ਰੀ ਮੁਤਾਬਕ, ਜਿੱਥੇ ਇੱਕ ਪਾਸੇ ਇਹ ਡਿਜੀਟਲ ਸੰਗਠਨ ਸੋਸ਼ਲ ਮੀਡੀਆ ’ਤੇ ਮੈਂਬਰਸ਼ਿਪ ਮੁਹਿੰਮ ਚਲਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਾਈਬਰ ਠੱਗਾਂ ਨੇ ਲੋਕਾਂ ਨੂੰ ਕਾਕਰੋਚ ਜਨਤਾ ਪਾਰਟੀ ਦੀ ਮੈਂਬਰਸ਼ਿਪ ਦੇ ਬਹਾਨੇ ਫਿਸ਼ਿੰਗ (ਧੋਖਾਧੜੀ ਵਾਲੇ) ਲਿੰਕ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਲੁਧਿਆਣਾ ਸਮੇਤ ਪੰਜਾਬ ਭਰ ਦੇ ਲੋਕਾਂ ਦੇ ਮੋਬਾਈਲ ਫੋਨਾਂ ’ਤੇ ਅਜਿਹੇ ਸ਼ੱਕੀ ਅਤੇ ਵਾਇਰਸ ਨਾਲ ਸੰਕਰਮਿਤ ਲਿੰਕ ਭੇਜੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਲੁਧਿਆਣਾ ਪੁਲੀਸ ਹਰਕਤ ਵਿੱਚ ਆ ਗਈ ਹੈ। ਪੁਲੀਸ ਨੇ ਇੱਕ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਅਜਿਹੇ ਘੁਟਾਲੇਬਾਜ਼ਾਂ ਦੇ ਜਾਲ ਵਿੱਚ ਨਾ ਫਸਣ ਦੀ ਅਪੀਲ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਲਿੰਕਾਂ ’ਤੇ ਕਲਿੱਕ ਕਰਦੇ ਹੀ ਲੋਕਾਂ ਦੇ ਮੋਬਾਈਲ ਫੋਨ ਹੈਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਵਿੱਤੀ ਐਪਸ (ਬੈਂਕਿੰਗ ਐਪਸ) ਦਾ ਕੰਟਰੋਲ ਸਿੱਧਾ ਸਾਈਬਰ ਅਪਰਾਧੀਆਂ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਭੋਲੇ-ਭਾਲੇ ਲੋਕ ਆਪਣੀ ਮਿਹਨਤ ਦੀ ਕਮਾਈ ਗੁਆ ਸਕਦੇ ਹਨ।
ਲੁਧਿਆਣਾ ਪੁਲੀਸ ਨੇ ਆਮ ਲੋਕਾਂ ਨੂੰ ਇਸ ਨਵੇਂ ਫਰਾਡ ਪ੍ਰਤੀ ਜਾਗਰੂਕ ਕਰਨ ਲਈ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ’ਤੇ 42 ਸੈਕਿੰਡ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਪੁਲੀਸ ਮੁਲਾਜ਼ਮ ਅਮਰਿੰਦਰ ਸਿੰਘ ਨੇ ਵਿਸਥਾਰ ਵਿੱਚ ਸਮਝਾਇਆ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਕੰਗਾਲ ਕਰ ਸਕਦੀ ਹੈ। ਪੁਲੀਸ ਅਨੁਸਾਰ, ਠੱਗਾਂ ਵੱਲੋਂ ਵਟਸਐਪ ’ਤੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲੇ ਸੁਨੇਹੇ ਭੇਜੇ ਜਾ ਰਹੇ ਹਨ, ਜਿਵੇਂ ਕਿ ‘ਸਿਸਟਮ ਬਦਲਣ ਲਈ ਦੇਸ਼ ਦੀ ਪੁਕਾਰ, ਸਮਾਂ ਆ ਗਿਆ ਹੈ’ ਅਤੇ ‘ਨੌਜਵਾਨਾਂ ਲਈ ਵੱਡੇ ਮੌਕੇ’। ਇਨ੍ਹਾਂ ਸੁਨੇਹਿਆਂ ਦੇ ਹੇਠਾਂ ਕਾਕਰੋਚ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਇੱਕ ਲਿੰਕ ਦਿੱਤਾ ਹੁੰਦਾ ਹੈ।