India latest news

Coal Block Scam: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਲੀਨ ਚਿੱਟ

Coal Block Scam: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਲੀਨ ਚਿੱਟ
  • PublishedJuly 30, 2026

ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ਼ ਦਰਜ ਕੋਲਾ ਬਲਾਕਾਂ ਦੀ ਵੰਡ ਨਾਲ ਸਬੰਧਤ ਅਪਰਾਧਕ ਕੇਸ ਬੰਦ ਕਰਦੇ ਹੋਏ, ਉਨ੍ਹਾਂ ਖਿਲਾਫ਼ ਜਾਰੀ ਸੰਮਨ ਖਾਰਜ ਕਰ ਦਿੱਤੇ ਹਨ। ਮਨਮੋਹਨ ਸਿੰਘ, ਜਿਨ੍ਹਾਂ ਦਾ 27 ਦਸੰਬਰ 2024 ਨੂੰ ਦੇਹਾਂਤ ਹੋ ਗਿਆ ਸੀ, ਨੂੰ ਹੁਣ ਇਸ ਬਹੁ ਚਰਚਿਤ ਅਪਰਾਧਕ ਕੇਸ ਵਿੱਚ ਰਸਮੀ ਤੌਰ ’ਤੇ ਬਰੀ ਮੰਨਿਆ ਜਾਵੇਗਾ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਸੀ ਬੀ ਆਈ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਤੇੇ ਹੋਰਨਾਂ ਨੂੰ ਕਲੀਨ ਚਿੱਟ ਦਿੰਦੀ ਕਲੋਜ਼ਰ ਰਿਪੋਰਟ ਪ੍ਰਵਾਨ ਕਰ ਲਈ।

ਸੁਪਰੀਮ ਕੋਰਟ ਨੇ ਕਿਹਾ ਕਿ ਟਰਾਇਲ ਕੋਰਟ ਦੇ ਜੱਜ ਕੋਲ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਅਤੇ ਨੋਟਿਸ ਲੈਣ ਦਾ ਕੋਈ ਕਾਰਨ ਨਹੀਂ ਹੈ। ਕੋਰਟ ਨੇ ਕਿਹਾ, ‘‘ਅਪੀਲਕਰਤਾ ਦੀ ਬਦਕਿਸਮਤੀ ਨਾਲ ਮੌਤ ਕਾਰਨ, ਇਸ ਅਪੀਲ ਨੂੰ ਬੇਕਾਰ ਮੰਨ ਕੇ ਇਸ ਦਾ ਨਿਬੇੜਾ ਕੀਤਾ ਜਾ ਸਕਦਾ ਸੀ। ਪਰ ਵਿਸ਼ੇਸ਼ ਜੱਜ ਵੱਲੋਂ ਨੋਟਿਸ ਲੈਣ ਅਤੇ ਅਪੀਲਕਰਤਾ ਨੂੰ ਸੰਮਨ ਭੇਜਣ ਦੇ ਪਹਿਲੂ ’ਤੇ ਵਿਚਾਰ ਕਰਨ ਲਈ, ਅਸੀਂ ਸੀ ਬੀ ਆਈ ਵੱਲੋਂ ਦਾਇਰ ਦੋਵੇਂ ਕਲੋਜ਼ਰ ਰਿਪੋਰਟਾਂ ਦੀ ਘੋਖ ਕੀਤੀ ਹੈ।’’ ਵਿਸ਼ੇਸ਼ ਸੀ ਬੀ ਆਈ ਕੋਰਟ ਦੇ ਜੱਜ ਭਾਰਤ ਪ੍ਰਾਸ਼ਰ ਨੇ ਸਾਲ 2005 ਵਿੱਚ ਉੜੀਸਾ ’ਚ ਤਾਲਾਬੀਰਾ-2 ਕੋਲਾ ਬਲਾਕ ਦੀ ਵੰਡ ਨਾਲ ਜੁੜੇ ਘੁਟਾਲਾ ਕੇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਨਅਤਕਾਰ ਕੁਮਾਰ ਮੰਗਲਮ ਬਿਰਲਾ, ਸਾਬਕਾ ਕੋਲਾ ਸਕੱਤਰ ਪੀ ਸੀ ਪਾਰਖ ਤੇ ਤਿੰਨ ਹੋਰਨਾਂ ਨੂੰ ਮੁਲਜ਼ਮ ਵਜੋਂ ਸੰਮਨ ਕੀਤੇ ਸਨ।