CJP Protest: ਕੇਜਰੀਵਾਲ ਸਮੇਤ ਕਈ ਸਿਆਸੀ ਆਗੂਆਂ ਨੇ ਜੰਤਰ-ਮੰਤਰ ਵਿਖੇ ਸੋਨਮ ਵਾਂਗਚੁਕ ਨਾਲ ਕੀਤੀ ਮੁਲਾਕਾਤ
CJP Protest: ਦਿੱਲੀ ਦੇ ਜੰਤਰ-ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਵੀਰਵਾਰ ਨੂੰ ਵੱਖ-ਵੱਖ ਵਿਰੋਧੀ ਧਿਰ ਦੇ ਆਗੂਆਂ ਦਾ ਸਮਰਥਨ ਮਿਲਿਆ।
ਇਸ ਦੌਰਾਨ ਸੰਸਦ ਮੈਂਬਰ ਡਿੰਪਲ ਯਾਦਵ, ਧਰਮੇਂਦਰ ਯਾਦਵ, ਮੋਹਿਬੁੱਲਾ ਨਦਵੀ ਅਤੇ ਲਕਸ਼ਮੀਕਾਂਤ ਨਿਸ਼ਾਦ ਦੀ ਅਗਵਾਈ ਵਿੱਚ ਸਮਾਜਵਾਦੀ ਪਾਰਟੀ (SP) ਦੇ ਇੱਕ ਵਫ਼ਦ ਨੇ, ਐੱਸ ਪੀ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਅਤੇ ਵਿਧਾਇਕ ਡਾ. ਰਾਗਿਨੀ ਸੋਨਕਰ ਸਮੇਤ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਇਸ ਅੰਦੋਲਨ ਨੂੰ ਸਮਰਥਨ ਦਿੱਤਾ।
ਡਿੰਪਲ ਯਾਦਵ ਨੇ ਸੋਨਮ ਵਾਂਗਚੁਕ ਦੇ ਇਰਾਦੇ ਅਤੇ ਭੁੱਖ ਹੜਤਾਲ ਜਾਰੀ ਰੱਖਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਨੌਜਵਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਨੌਜਵਾਨਾਂ ਅਤੇ ਵਿਰੋਧੀ ਪਾਰਟੀਆਂ ਨੂੰ 20 ਜੁਲਾਈ ਦੇ ਸੰਸਦ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਜ਼ਮੀਨੀ ਪੱਧਰ ਤੇ ਸੰਸਦ ਦੇ ਅੰਦਰ, ਦੋਵੇਂ ਥਾਵਾਂ ‘ਤੇ ਸਮਰਥਨ ਦਾ ਭਰੋਸਾ ਦਿੱਤਾ।
ਧਰਮੇਂਦਰ ਯਾਦਵ ਨੇ ਵਾਰ-ਵਾਰ ਹੋਣ ਵਾਲੇ ਪੇਪਰ ਲੀਕ ਨੂੰ ਕਰੋੜਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਕੌਮੀ ਸੰਕਟ ਦੱਸਿਆ ਅਤੇ ਪਾਰਟੀ ਦੇ ਪੂਰੇ ਸਮਰਥਨ ਦਾ ਵਾਅਦਾ ਕੀਤਾ।
ਉੱਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਅੰਦੋਲਨ ਸ਼ਾਂਤੀਪੂਰਵਕ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਨੌਜਵਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ 20 ਜੁਲਾਈ ਦੇ ਸੰਸਦ ਮਾਰਚ ਦਾ ਵੀ ਸਮਰਥਨ ਕੀਤਾ।
ਉਨ੍ਹਾਂ ਕਿਹਾ, “ਅਸੀਂ ਨੌਜਵਾਨਾਂ ਦੇ ਨਾਲ ਹਾਂ। ਅਸੀਂ ਨੇੜਿਓਂ ਨਜ਼ਰ ਰੱਖ ਰਹੇ ਹਾਂ। ਇਸ ਪ੍ਰਦਰਸ਼ਨ ਨੂੰ ਸ਼ਾਂਤੀਪੂਰਵਕ ਜਾਰੀ ਰੱਖੋ। ਇਹ ਤਾਨਾਸ਼ਾਹੀ ਜਲਦੀ ਹੀ ਖ਼ਤਮ ਹੋ ਜਾਵੇਗੀ। ਚਿੰਤਾ ਨਾ ਕਰੋ। ਅਸੀਂ ਤੁਹਾਡੇ ਮਕਸਦ ਦੇ ਨਾਲ ਹਾਂ। ਲੜਾਂਗੇ ਅਤੇ ਜਿੱਤਾਂਗੇ। ਅਸੀਂ ਸੰਸਦ ਵੱਲ 20 ਜੁਲਾਈ ਦੇ ਮਾਰਚ ਵਿੱਚ ਸੀ ਜੇ ਪੀ ਦਾ ਸਮਰਥਨ ਕਰਾਂਗੇ।”
ਬਾਅਦ ਵਿੱਚ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਂਸਦ ਸੰਜੇ ਸਿੰਘ ਅਤੇ ਸੌਰਭ ਭਾਰਦਵਾਜ ਸਮੇਤ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ। ਕੇਜਰੀਵਾਲ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਇੱਕ ਵਾਰ-ਵਾਰ ਹੋਣ ਵਾਲੀ ਸਮੱਸਿਆ ਬਣ ਗਈ ਹੈ ਅਤੇ ਉਨ੍ਹਾਂ ਨੇ ਜਵਾਬਦੇਹੀ ਤੇ ਪ੍ਰਣਾਲੀਗਤ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, “ਮੈਂ ਆਈ ਆਈ ਟੀ (IIT) ਦੀ ਉਦਾਹਰਨ ਵੀ ਦਿੱਤੀ ਹੈ। ਮੇਰੇ ਦੋਵੇਂ ਬੱਚੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਬੈਠੇ ਹਨ। ਕਿਸੇ ਵੀ ਮੋੜ ‘ਤੇ ਕੋਈ ਪੇਪਰ ਲੀਕ ਨਹੀਂ ਹੋਇਆ ਸੀ। ਪਰ ਹੁਣ, ਪੇਪਰ ਲੀਕ ਰੋਜ਼ਾਨਾ ਦੀ ਘਟਨਾ ਬਣ ਗਈ ਹੈ।”