Chandigarh BJP Office Blast ਮਾਮਲੇ ਵਿਚ ਪੰਜ ਕਾਬੂ
ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫਤਰ ਦੇ ਬਾਹਰ ਧਮਾਕੇ ਦੇ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਗਰੇਨੇਡ ਤੇ ਹਥਿਆਰਾਂ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਹ ਅਪਰੇਸ਼ਨ ਚੰਡੀਗੜ੍ਹ ਪੁਲੀਸ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਦੌਰਾਨ ਪੁਲੀਸ ਦੀਆਂ ਟੀਮਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲੱਗੀਆਂ ਹੋਈਆਂ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਬਲਵਿੰਦਰ ਲਾਲ ਉਰਫ ਸ਼ਮੀ, ਜਸਵੀਰ ਸਿੰਘ ਉਰਫ ਜੱਸੀ, ਚਰਨਜੀਤ ਸਿੰਘ ਉਰਫ ਚੰਨੀ, ਰੂਬਲ ਚੌਹਾਨ ਤੇ ਮਨਦੀਪ ਉਰਫ ਅਭਿਜੋਤ ਸ਼ਰਮਾ ਸ਼ਾਮਲ ਹਨ। ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਗੁਰਤੇਜ ਸਿੰਘ ਤੇ ਅਮਨਪ੍ਰੀਤ ਸਿੰਘ ਹਾਲੇ ਫਰਾਰ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।
ਚੰਡੀਗੜ੍ਹ ਦੇ ਸੈਕਟਰ 37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਪਹਿਲੀ ਅਪਰੈਲ ਨੂੰ ਧਮਾਕਾ ਹੋਇਆ ਸੀ। ਇਹ ਧਮਾਕਾ ਬੁੱਧਵਾਰ ਨੂੰ ਸ਼ਾਮ 5:30 ਵਜੇ ਦੇ ਕਰੀਬ ਹੋਇਆ ਸੀ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਭਾਜਪਾ ਦਫਤਰ ਦੇ ਬਾਹਰ ਖੜੀਆਂ ਕਈ ਗੱਡੀਆਂ ’ਤੇ ਮਾਮੂਲੀ ਨਿਸ਼ਾਨ ਪੈ ਗਏ ਸਨ।