latest news Punjab

CBI raids Punjab vigilance: ਵਿਜੀਲੈਂਸ ਹੈਡਕੁਆਟਰ ‘ਤੇ ਸੀਬੀਆਈ ਦਾ ਛਾਪਾ, 3 ਵਿਅਕਤੀ ਗ੍ਰਿਫਤਾਰ

CBI raids Punjab vigilance: ਵਿਜੀਲੈਂਸ ਹੈਡਕੁਆਟਰ ‘ਤੇ ਸੀਬੀਆਈ ਦਾ ਛਾਪਾ, 3 ਵਿਅਕਤੀ ਗ੍ਰਿਫਤਾਰ
  • PublishedMay 12, 2026

ਸੀਬੀਆਈ (CBI)ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਵਿਜੀਲੈਂਸ ਚੀਫ਼ ਦਾ ਰੀਡਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।

ਇਸ ਬਾਰੇ ਸੀਬੀਆਈ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਮੁਤਾਬਕ ਕੇਂਦਰੀ ਜਾਂਚ ਏਜੰਸੀ (CBI) ਨੇ ਪੰਜਾਬ ਸਟੇਟ ਟੈਕਸ ਅਫ਼ਸਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਇੱਕ ਵੱਡੇ ਰਿਸ਼ਵਤਖੋਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਲੰਬਿਤ ਇੱਕ ਸ਼ਿਕਾਇਤ ਨੂੰ ਖ਼ਤਮ ਕਰਵਾਉਣ ਦੇ ਬਦਲੇ ਵਿਕਾਸ ਗੋਇਲ ਉਰਫ਼ ਵਿੱਕੀ ਅਤੇ ਉਸਦੇ ਪੁੱਤਰ ਰਾਘਵ ਗੋਇਲ ਵੱਲੋਂ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਹ ਦੋਵੇਂ ਮੁਲਜ਼ਮ ਡੀਜੀ ਵਿਜੀਲੈਂਸ ਦੇ ਰੀਡਰ ਓ.ਪੀ. ਰਾਣਾ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ। ਸੀਬੀਆਈ ਨੇ ਜਾਂਚ ਦੌਰਾਨ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਹੋਣ ਤੋਂ ਬਾਅਦ, ਸੌਦਾ 20 ਲੱਖ ਤੋਂ ਘਟਾ ਕੇ 13 ਲੱਖ ਰੁਪਏ ਨਕਦ ਅਤੇ ਓ.ਪੀ. ਰਾਣਾ ਲਈ ਇੱਕ ਸੈਮਸੰਗ ਗਲੈਕਸੀ ਜ਼ੈੱਡ ਫੋਲਡ 7 ਮੋਬਾਈਲ ਫ਼ੋਨ ਵਿਚ ਤੈਅ ਹੋਇਆ।

11 ਮਈ 2026 ਨੂੰ ਚੰਡੀਗੜ੍ਹ ਵਿੱਚ ਲਗਾਏ ਟਰੈਪ ਦੌਰਾਨ, ਮੁਲਜ਼ਮਾਂ ਦੇ ਸਾਥੀ ਅੰਕਿਤ ਵਧਵਾ ਨੂੰ 13 ਲੱਖ ਰੁਪਏ ਅਤੇ ਮੋਬਾਈਲ ਫ਼ੋਨ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਦੌਰਾਨ ਰਾਘਵ ਗੋਇਲ, ਵਿਕਾਸ ਗੋਇਲ ਅਤੇ ਸਰਕਾਰੀ ਮੁਲਾਜ਼ਮ ਓ.ਪੀ. ਰਾਣਾ ਆਪਣੇ ਗੰਨਮੈਨਾਂ ਵੱਲੋਂ ਅਲਰਟ ਕੀਤੇ ਜਾਣ ‘ਤੇ ਮੌਕੇ ਤੋਂ ਫਰਾਰ ਹੋ ਗਏ। ਸੀ. ਬੀ. ਆਈ. ਦੀ ਟੀਮ ਨੇ ਪਿੱਛਾ ਕਰਕੇ ਪੰਜਾਬ-ਹਰਿਆਣਾ ਸਰਹੱਦ (ਅੰਬਾਲਾ ਦੇ ਨੇੜੇ) ਤੋਂ ਰਾਘਵ ਗੋਇਲ, ਵਿਕਾਸ ਗੋਇਲ ਅਤੇ ਦੋ ਗੰਨਮੈਨਾਂ ਨੂੰ ਕਾਬੂ ਕਰ ਲਿਆ, ਜਦੋਂ ਕਿ ਰੀਡਰ ਓ.ਪੀ. ਰਾਣਾ ਹਾਲੇ ਵੀ ਫਰਾਰ ਹੈ।

ਪ੍ਰੈਸ ਨੋਟ ਵਿੱਚ ਸੀਬੀਆਈ ਨੇ ਦੱਸਿਆ ਕਿ ਸੀਬੀਆਈ ਵੱਲੋਂ ਮੁਲਜ਼ਮਾਂ ਦੇ ਮਲੋਟ (ਮੁਕਤਸਰ) ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ 9 ਲੱਖ ਰੁਪਏ ਦੀ ਨਕਦੀ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਾਈਵੇਟ ਵਿਅਕਤੀਆਂ ਕੋਲ ਪੰਜਾਬ ਪੁਲਸ ਦੇ ਏਕੇ-47 ਰਾਈਫਲਾਂ ਵਾਲੇ ਗੰਨਮੈਨ ਮੌਜੂਦ ਸਨ, ਜਿਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਇਸ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਵੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।