Canada latest news World

Canada: AP Dhillon ਦੇ ਘਰ ’ਤੇ ਹਮਲੇ ਦਾ ਮੁਲਜ਼ਮ ਅਭਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ, ਬਿਸ਼ਨੋਈ ਗੈਂਗ ਦੇ ਕਹਿਣ ’ਤੇ ਚਲਾਈਆਂ ਸੀ ਗੋਲੀਆਂ

Canada: AP Dhillon ਦੇ ਘਰ ’ਤੇ ਹਮਲੇ ਦਾ ਮੁਲਜ਼ਮ ਅਭਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ, ਬਿਸ਼ਨੋਈ ਗੈਂਗ ਦੇ ਕਹਿਣ ’ਤੇ ਚਲਾਈਆਂ ਸੀ ਗੋਲੀਆਂ
  • PublishedJune 16, 2026
ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ (ਆਈ ਆਰ ਬੀ) ਨੇ ਬਿਸ਼ਨੋਈ ਗੈਂਗ ਨਾਲ ਸਬੰਧਿਤ ਇੱਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ। ਅਭਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਆਈ ਆਰ ਬੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ’ਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਵਿੱਚ ਇੱਕ ਘਰ ਉੱਤੇ 14 ਗੋਲੀਆਂ ਚਲਾਈਆਂ ਸਨ, ਜਦਕਿ ਉਸ ਦੇ ਇੱਕ ਸਾਥੀ ਨੇ ਘਰ ਮਾਲਕਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ।
ਦੋਵਾਂ ਉੱਤੇ ਸਰੀ (ਬੀ.ਸੀ.) ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦੇ ਦੋਸ਼ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਵਿੱਚ ਜਬਰਨ ਵਸੂਲੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ।
ਆਈ ਆਰ ਬੀ ਮੈਂਬਰ ਅਜ਼ੀਮ ਲਾਲ ਜੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਥ ਸਥਾਪਿਤ ਕਰ ਚੁੱਕੀ ਹੈ ਕਿ ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਇਹ ਗੈਂਗ ਕਤਲ, ਗੋਲ਼ੀਬਾਰੀ, ਅੱਗਜ਼ਨੀ, ਜਬਰਨ ਵਸੂਲੀ ਅਤੇ ਧਮਕਾਉਣ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਗੈਂਗ ਨਾਲ ਜੁੜੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਸੁਣਵਾਈ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸ ਨੂੰ 4,000 ਡਾਲਰ ਦੇ ਬਦਲੇ 2 ਸਤੰਬਰ 2024 ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਹਮਲਾ ਕਰਨ ਲਈ ਕਿਹਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਹੈ ਅਤੇ ਇਹ ਕੰਮ ਉਸ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਕੀਤਾ ਸੀ। CBSA ਅਧਿਕਾਰੀ ਜਸਬੀਰ ਸੰਧੂ ਨੇ ਦਲੀਲ ਦਿੱਤੀ ਕਿ ਏ.ਪੀ. ਢਿੱਲੋਂ ਦੇ ਘਰ ‘ਤੇ ਹਮਲਾ ਜਬਰਨ ਵਸੂਲੀ ਦਾ ਮਾਮਲਾ ਨਹੀਂ ਸੀ, ਸਗੋਂ ਬਿਸ਼ਨੋਈ ਗੈਂਗ ਵੱਲੋਂ ਆਪਣੀ ਪਹੁੰਚ ਅਤੇ ਤਾਕਤ ਦਾ ਸੁਨੇਹਾ ਦੇਣ ਦੀ ਕੋਸ਼ਸ਼ ਸੀ।
ਹਾਲਾਂਕਿ ਸੀਬੀਐਸਏ ਨੇ ਦਲੀਲ ਦਿੱਤੀ ਕਿ ਗੈਂਗ ਦਾ ਢਾਂਚਾ ਅਜਿਹਾ ਹੈ ਜਿਸ ਵਿੱਚ ਮੈਂਬਰਾਂ ਨੂੰ ਸੰਗਠਨ ਦੇ ਉੱਚ ਪੱਧਰ ਦੇ ਵਿਅਕਤੀਆਂ ਬਾਰੇ ਸੀਮਤ ਜਾਣਕਾਰੀ ਹੁੰਦੀ ਹੈ। ਏਜੰਸੀ ਨੇ ਇਹ ਵੀ ਦਰਸਾਇਆ ਕਿ ਕਿੰਗਰਾ ਨੇ ਦੋ ਅਜਿਹੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ ਜਿਨ੍ਹਾਂ ਵਿੱਚ ਸਪੱਸ਼ਟ ਤੌਰ ’ਤੇ ਦਰਜ ਹੈ ਕਿ ਅਪਰਾਧ ਬਿਸ਼ਨੋਈ ਗੈਂਗ ਦੇ ਕਹਿਣ ’ਤੇ ਕੀਤੇ ਗਏ ਸਨ।