Bangladesh President resigns: Bangladesh ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਦਿੱਤਾ ਅਸਤੀਫ਼ਾ
ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਆਪਣੇ ਕਾਰਜਕਾਲ ਦੇ ਖ਼ਤਮ ਹੋਣ ਤੋਂ ਦੋ ਸਾਲ ਪਹਿਲਾਂ ਹੀ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਉਹ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਪੁਰਾਣੇ ਸਹਿਯੋਗੀ ਸਨ।
ਸੰਸਦ ਦੇ ਸਪੀਕਰ ਹਫ਼ੀਜ਼ੁੱਦੀਨ ਅਹਿਮਦ ਨੂੰ ਸੰਬੋਧਿਤ ਅਸਤੀਫ਼ੇ ਵਿੱਚ 76 ਸਾਲਾ ਆਗੂ ਨੇ ਕਿਹਾ ਕਿ ਉਹ ਗੰਭੀਰ ਰੂਪ ਵਿੱਚ ਬੀਮਾਰ ਹਨ ਅਤੇ ਉਨ੍ਹਾਂ ਨੂੰ ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਹਨ।
ਸ਼ਹਾਬੂਦੀਨ ਨੇ ਤਿਆਗ ਪੱਤਰ ਵਿੱਚ ਲਿਖਿਆ, “ਹਾਲ ਹੀ ਵਿੱਚ, ਡਾਕਟਰੀ ਜਾਂਚ ‘ਚ ‘ਓਟੋਨੋਮਿਕ ਨਿਊਰੋਪੈਥੀ’ ਨਾਮ ਦੀ ਬੀਮਾਰੀ ਦਾ ਪਤਾ ਲੱਗਿਆ ਹੈ। ਇਸ ਬੀਮਾਰੀ ਦੇ ਕਾਰਨ, ਕਦੇ-ਕਦੇ ਮੈਂ ਕੁਝ ਦੇਰ ਲਈ ਬੇਹੋਸ਼ ਹੋ ਜਾਂਦਾ ਹਾਂ। ਇਨ੍ਹਾਂ ਬੀਮਾਰੀਆਂ ਦੇ ਕਾਰਨ, ਮੈਂ ਰਾਸ਼ਟਰਪਤੀ ਵਰਗੇ ਮਹੱਤਵਪੂਰਨ ਸੰਵਿਧਾਨਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਅਸਮਰੱਥ ਹਾਂ।”
ਸੰਸਦ ਸਪੀਕਰ ਅਹਿਮਦ ਬੈਂਕੌਕ ਵਿੱਚ ਆਪਣਾ ਇਲਾਜ ਵਿਚਾਲੇ ਹੀ ਛੱਡ ਕੇ ਸ਼ੁੱਕਰਵਾਰ ਨੂੰ ਢਾਕਾ ਵਾਪਸ ਆ ਗਏ ਅਤੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।
ਬੰਗਲਾਦੇਸ਼ ਦੇ ਸੰਵਿਧਾਨ ਅਨੁਸਾਰ ਨਵੇਂ ਰਾਸ਼ਟਰਪਤੀ ਦੇ ਚੁਣੇ ਜਾਣ ਤੱਕ ਅਹਿਮਦ ਕਾਰਜਵਾਹਕ ਰਾਸ਼ਟਰਪਤੀ ਦੇ ਤੌਰ ‘ਤੇ ਕੰਮ ਕਰਨਗੇ।
ਸਾਲ 1971 ਦੇ ਮੁਕਤੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਅਤੇ ਹੇਠਲੀ ਅਦਾਲਤ ਦੇ ਜੱਜ ਰਹੇ ਸ਼ਹਾਬੂਦੀਨ ਨੇ ਅਪਰੈਲ 2023 ਵਿੱਚ ਪੰਜ ਸਾਲ ਦੇ ਕਾਰਜਕਾਲ ਲਈ ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁੱਕੀ ਸੀ।
ਉਨ੍ਹਾਂ ਨੂੰ ਦੇਸ਼ ਦੀ ਪਿਛਲੀ ਸੰਸਦ ਨੇ ਸਰਵਉੱਚ ਅਹੁਦੇ ਲਈ ਚੁਣਿਆ ਸੀ ਅਤੇ ਉਹ ਇਕੱਲੇ ਅਜਿਹੇ ਵਿਅਕਤੀ ਸਨ, ਜੋ ਜੁਲਾਈ-ਅਗਸਤ 2024 ਵਿੱਚ ਵਿਦਿਆਰਥੀਆਂ ਦੇ ਹਿੰਸਕ ਰੋਸ-ਪ੍ਰਦਰਸ਼ਨਾਂ ਤੋਂ ਬਾਅਦ ਵੀ ਆਪਣੇ ਸੰਵਿਧਾਨਕ ਅਹੁਦੇ ‘ਤੇ ਬਣੇ ਹੋਏ ਸਨ। ਇਨ੍ਹਾਂ ਰੋਸ-ਪ੍ਰਦਰਸ਼ਨਾਂ ਤੋਂ ਬਾਅਦ ਹਸੀਨਾ ਦੀ ਅਵਾਮੀ ਲੀਗ ਸਰਕਾਰ ਡਿੱਗ ਗਈ ਸੀ। ਹਸੀਨਾ ਭਾਰਤ ਚਲੀ ਗਈ ਸੀ ਅਤੇ ਪੰਜ ਅਗਸਤ 2024 ਤੋਂ ਉੱਥੇ ਹੀ ਰਹਿ ਰਹੀ ਹੈ।