Amarnath Yatra: ਰਸਤਿਆਂ ਦੀ ਮੁਰੰਮਤ ਕਾਰਨ ਅਗਲੇ ਹੁਕਮਾਂ ਤਕ ਯਾਤਰਾ ਰੋਕੀ
ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵਾਂ ਰਸਤਿਆਂ ’ਤੇ ਟਰੈਕ ਦੀ ਮੁਰੰਮਤ ਲਈ ਸਾਲਾਨਾ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਅੰਸ਼ੁਲ ਗਰਗ ਨੇ ਦੱਸਿਆ ਕਿ ਇਹ ਯਾਤਰਾ 9 ਅਗਸਤ ਤੋਂ ਦੋਵਾਂ ਰਸਤਿਆਂ ਲਈ ਅਗਲੇ ਹੁਕਮਾਂ ਤੱਕ ਬੰਦ ਰਹੇਗੀ। ਹਾਲਾਂਕਿ, ‘ਛੜੀ ਮੁਬਾਰਕ’ ਰਵਾਇਤੀ ਪਹਿਲਗਾਮ ਰਸਤੇ ਰਾਹੀਂ ਅੱਗੇ ਵਧੇਗੀ ਅਤੇ 28 ਅਗਸਤ ਨੂੰ ਯਾਤਰਾ ਦੀ ਸਮਾਪਤੀ ਦਾ ਐਲਾਨ ਕਰੇਗੀ।
ਇਹ 57 ਦਿਨਾਂ ਲੰਬੀ ਅਮਰਨਾਥ ਯਾਤਰਾ ਇਸ ਸਾਲ 3 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਸਾਉਣ ਮਹੀਨੇ ਦੇ ਆਖਰੀ ਦਿਨ 28 ਅਗਸਤ ਨੂੰ ‘ਛੜੀ ਮੁਬਾਰਕ’ ਦੇ ਪ੍ਰੋਗਰਾਮ ਨਾਲ ਸੰਪੰਨ ਹੋਵੇਗੀ। ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਚੰਦਨਵਾੜੀ ਟਰੈਕ ਅਤੇ ਗੰਧਰਬਲ ਜ਼ਿਲ੍ਹੇ ਦੇ ਬਾਲਟਾਲ- ਦੋਵਾਂ ਰਸਤਿਆਂ ਤੋਂ ਇੱਕੋ ਸਮੇਂ ਸ਼ੁਰੂ ਹੋਈ ਸੀ। ਹੁਣ ਤੱਕ 4.8 ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਕੁਝ ਥਾਵਾਂ ‘ਤੇ ਯਾਤਰਾ ਵਾਲੇ ਰਸਤਿਆਂ ਦੀ ਮੁਰੰਮਤ ਦੀ ਜ਼ਰੂਰਤ ਹੈ ਜਿਸ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿੱਚ ਖਰਾਬ ਮੌਸਮ ਦੀ ਪੇਸ਼ੀਨਗੋਈ ਵੀ ਕੀਤੀ ਹੈ।
ਡਿਵੀਜ਼ਨਲ ਕਮਿਸ਼ਨਰ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸੁਰੱਖਿਆ ਅਤੇ ਯਾਤਰਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ ’ਤੇ ਸਮਰੱਥ ਅਥਾਰਟੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ।