latest news World

West Asia Conflict: Air India ਵੱਲੋਂ Israel ਲਈ ਉਡਾਣਾਂ 31 ਮਈ ਤੱਕ ਬੰਦ

West Asia Conflict: Air India ਵੱਲੋਂ Israel ਲਈ ਉਡਾਣਾਂ 31 ਮਈ ਤੱਕ ਬੰਦ
  • PublishedApril 5, 2026

ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਇਜ਼ਰਾਈਲ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ 31 ਮਈ ਤੱਕ ਰੋਕ ਦਿੱਤੀਆਂ ਹਨ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਨਵੀਂ ਦਿੱਲੀ ਤੋਂ ਤਲ ਅਵੀਵ ਦੇ ਰੂਟ ’ਤੇ ਹੁਣ ਕੋਈ ਉਡਾਣ ਨਹੀਂ ਜਾਵੇਗੀ। ਦੁਨੀਆ ਦੀਆਂ ਜ਼ਿਆਦਾਤਰ ਵੱਡੀਆਂ ਏਅਰਲਾਈਨਾਂ ਨੇ ਵੀ ਇਸ ਰੂਟ ’ਤੇ ਕੰਮ ਬੰਦ ਕਰ ਦਿੱਤਾ ਹੈ ਅਤੇ ਹੁਣ ਸਿਰਫ਼ ਇਜ਼ਰਾਈਲ ਦੀਆਂ ਕੁਝ ਆਪਣੀਆਂ ਕੰਪਨੀਆਂ ਹੀ ਸਖ਼ਤ ਪਾਬੰਦੀਆਂ ਹੇਠ ਉਡਾਣਾਂ ਭਰ ਰਹੀਆਂ ਹਨ।

ਉਡਾਣਾਂ ਬੰਦ ਹੋਣ ਕਾਰਨ ਇਜ਼ਰਾਈਲ ਵਿੱਚ ਰਹਿ ਰਹੇ 40,000 ਤੋਂ ਵੱਧ ਭਾਰਤੀਆਂ ਲਈ ਚਿੰਤਾ ਵਧ ਗਈ ਹੈ। ਇਹ ਲੋਕ ਆਪਣੇ ਨਿੱਜੀ ਕੰਮਾਂ ਲਈ ਭਾਰਤ ਆਉਣਾ ਚਾਹੁੰਦੇ ਹਨ ਜਾਂ ਵਧ ਰਹੇ ਤਣਾਅ ਕਾਰਨ ਉੱਥੋਂ ਨਿਕਲਣਾ ਚਾਹੁੰਦੇ ਹਨ। ਹੁਣ ਇਜ਼ਰਾਈਲ ਛੱਡਣ ਦੇ ਚਾਹਵਾਨ ਭਾਰਤੀਆਂ ਨੂੰ ਜੌਰਡਨ ਜਾਂ ਮਿਸਰ ਰਸਤੇ ਸੜਕੀ ਮਾਰਗ ਰਾਹੀਂ ਜਾਣਾ ਪੈ ਰਿਹਾ ਹੈ।

ਤਲ ਅਵੀਵ ਵਿੱਚ ਭਾਰਤੀ ਮਿਸ਼ਨ ਲਗਾਤਾਰ ਭਾਰਤੀ ਲੋਕਾਂ ਦੀ ਮਦਦ ਕਰ ਰਿਹਾ ਹੈ। ਦੂਤਾਵਾਸ ਨੇ 24 ਘੰਟੇ ਚੱਲਣ ਵਾਲੀ ਐਮਰਜੈਂਸੀ ਹੈਲਪਲਾਈਨ ਸ਼ੁਰੂ ਕੀਤੀ ਹੈ ਅਤੇ ਲੋਕਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ। ਰਾਜਦੂਤ ਜੇ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਜ਼ਰਾਈਲ ਵਿੱਚ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਨਵੀਂ ਦਿੱਲੀ ਅਤੇ ਤਲ ਅਵੀਵ ਵਿਚਕਾਰ ਸਿੱਧੀ ਉਡਾਣ ਸੇਵਾ ਇਸੇ ਸਾਲ 1 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ ਪਰ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਹਾਲਾਤ ਵਿਗੜ ਗਏ। ਇਰਾਨ ਵੱਲੋਂ ਦਿੱਤੇ ਗਏ ਜਵਾਬ ਨੇ ਜੰਗ ਨੂੰ ਪੂਰੇ ਖਾੜੀ ਖੇਤਰ ਵਿੱਚ ਫੈਲਾ ਦਿੱਤਾ ਹੈ, ਜਿਸ ਕਾਰਨ ਹੋਰਮੁਜ਼ ਜਲ ਮਾਰਗ ਰਾਹੀਂ ਹੋਣ ਵਾਲੀ ਸਪਲਾਈ ਅਤੇ ਹਵਾਈ ਸੇਵਾਵਾਂ ‘ਤੇ ਅਸਰ ਪਿਆ ਹੈ।