Canada latest news World

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ ’ਚ 6 ਸਾਲ ਦੀ ਸਜ਼ਾ, ਫੋਨ ’ਤੇ ਗੇਮ ਖੇਡਦਿਆਂ ਵਾਪਰਿਆ ਸੀ ਭਿਆਨਕ ਹਾਦਸਾ

ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ ’ਚ 6 ਸਾਲ ਦੀ ਸਜ਼ਾ, ਫੋਨ ’ਤੇ ਗੇਮ ਖੇਡਦਿਆਂ ਵਾਪਰਿਆ ਸੀ ਭਿਆਨਕ ਹਾਦਸਾ
  • PublishedOctober 2, 2026

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜੀਤ ਸਿੰਘ (29) ਨੂੰ 2022 ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿੱਚ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਦਸੇ ਵਿੱਚ ਇੱਕ ਮਾਂ ਅਤੇ ਉਸ ਦੇ 11 ਸਾਲਾ ਪੁੱਤਰ ਦੀ ਮੌਤ ਹੋ ਗਈ ਸੀ, ਜਦਕਿ 10 ਹੋਰ ਲੋਕ ਜ਼ਖਮੀ ਹੋਏ ਸਨ।

ਕਿਊਬੈਕ ਦੀ ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਵੱਲੋਂ ਸਾਂਝੇ ਤੌਰ ’ਤੇ ਕੀਤੀ ਸਿਫਾਰਸ਼ ਦੇ ਅਨੁਸਾਰ ਇਹ ਸਜ਼ਾ ਸੁਣਾਈ। ਇਸ ਦੇ ਨਾਲ ਹੀ ਅਦਾਲਤ ਨੇ ਬਲਜੀਤ ਸਿੰਘ ’ਤੇ 10 ਸਾਲ ਲਈ ਡਰਾਈਵਿੰਗ ਕਰਨ ’ਤੇ ਪਾਬੰਦੀ ਵੀ ਲਗਾਈ ਹੈ।

ਫੋਨ ’ਤੇ ਆਨਲਾਈਨ ਗੇਮ ਖੇਡ ਰਿਹਾ ਸੀ ਡਰਾਈਵਰ

ਇਹ ਹਾਦਸਾ ਜੁਲਾਈ 2022 ਵਿੱਚ ਮਾਂਟਰੀਅਲ ਨੇੜੇ ਹਾਈਵੇਅ 30 ’ਤੇ Saint-Hubert, Longueuil ਇਲਾਕੇ ਵਿੱਚ ਵਾਪਰਿਆ ਸੀ।

ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਮੁਤਾਬਕ, ਹਾਦਸੇ ਸਮੇਂ ਬਲਜੀਤ ਸਿੰਘ ਆਪਣੇ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡ ਰਿਹਾ ਸੀ। ਇਸ ਦੌਰਾਨ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਸ ਹਾਦਸੇ ਵਿੱਚ 42 ਸਾਲਾ Nancy Lefrançois ਅਤੇ ਉਸ ਦੇ 11 ਸਾਲਾ ਪੁੱਤਰ Loic ਦੀ ਮੌਤ ਹੋ ਗਈ। ਇਸ ਤੋਂ ਇਲਾਵਾ 10 ਹੋਰ ਵਿਅਕਤੀ ਜ਼ਖਮੀ ਹੋਏ ਸਨ।

ਹਾਦਸੇ ਤੋਂ ਬਾਅਦ ਕੈਨੇਡਾ ਛੱਡ ਗਿਆ ਸੀ

ਹਾਦਸੇ ਤੋਂ ਬਾਅਦ ਬਲਜੀਤ ਸਿੰਘ ਨੂੰ ਨਰਵਸ ਸ਼ਾਕ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ, ਉਹ ਅਗਲੇ ਦਿਨ ਹਸਪਤਾਲ ਤੋਂ ਗਾਇਬ ਹੋ ਗਿਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਪਹਿਲਾਂ ਟੋਰਾਂਟੋ ਗਿਆ ਅਤੇ ਇਸ ਤੋਂ ਬਾਅਦ ਭਾਰਤ ਅਤੇ ਫਿਰ ਕੈਲੀਫੋਰਨੀਆ ਚਲਾ ਗਿਆ ਸੀ।

ਕੈਨੇਡੀਅਨ ਅਧਿਕਾਰੀਆਂ ਵੱਲੋਂ ਉਸ ਖ਼ਿਲਾਫ਼ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਸਾਲ 2025 ਵਿੱਚ ਅਮਰੀਕੀ ਫੈਡਰਲ ਏਜੰਟਾਂ ਨੇ ਉਸ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਹਵਾਲੇ ਕਰ ਦਿੱਤਾ ਗਿਆ।

ਅਪ੍ਰੈਲ 2026 ਵਿੱਚ ਕਬੂਲ ਕੀਤਾ ਸੀ ਗੁਨਾਹ

ਬਲਜੀਤ ਸਿੰਘ ਨੇ ਅਪ੍ਰੈਲ 2026 ਵਿੱਚ ਖਤਰਨਾਕ ਡਰਾਈਵਿੰਗ ਕਾਰਨ ਮੌਤ ਦੇ ਮਾਮਲੇ ਵਿੱਚ ਆਪਣਾ ਗੁਨਾਹ ਕਬੂਲ ਕੀਤਾ ਸੀ।

ਕੈਨੇਡੀਅਨ ਕਾਨੂੰਨ ਤਹਿਤ dangerous driving causing death ਦੇ ਦੋਸ਼ ਲਈ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਤੱਕ ਹੋ ਸਕਦੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਵੱਲੋਂ ਸਾਂਝੇ ਤੌਰ ’ਤੇ ਸੁਝਾਈ ਗਈ 6 ਸਾਲ ਦੀ ਕੈਦ ਦੀ ਸਜ਼ਾ ਨੂੰ ਮਨਜ਼ੂਰ ਕੀਤਾ।

ਇਸ ਮਾਮਲੇ ਨੇ ਕਿਊਬੈਕ ਵਿੱਚ ਕਾਫ਼ੀ ਧਿਆਨ ਖਿੱਚਿਆ, ਖਾਸ ਕਰਕੇ ਇਸ ਲਈ ਕਿ ਹਾਦਸੇ ਵਿੱਚ ਇੱਕ ਮਾਂ ਅਤੇ ਉਸ ਦੇ ਬੱਚੇ ਦੀ ਜਾਨ ਚਲੀ ਗਈ ਅਤੇ ਜਾਂਚ ਵਿੱਚ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨੂੰ ਹਾਦਸੇ ਨਾਲ ਜੋੜਿਆ ਗਿਆ