Punjab SIR: 75 ਸਾਲਾ ਸਾਬਕਾ ਰਾਜਦੂਤ ਨੂੰ ਨਾਗਰਿਕਤਾ ਦਾ ਸਬੂਤ ਪੇਸ਼ ਕਰਨ ਦਾ ਨੋਟਿਸ
ਪੰਜਾਬ ਵਿੱਚ SIR ਪ੍ਰਕਿਰਿਆ ਤਹਿਤ, ਰਿਟਾਇਰਡ ਆਈ.ਐੱਫ.ਐੱਸ. ਅਤੇ ਭਾਰਤ ਦੇ ਸਾਬਕਾ ਰਾਜਦੂਤ ਰਮੇਸ਼ ਚੰਦਰ ਨੂੰ ਆਪਣੀ ਭਾਰਤੀ ਨਾਗਰਿਕਤਾ ਸਾਬਤ ਕਰਨ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਬਣਾਈ ਰੱਖਣ ਲਈ ਵਾਧੂ ਦੋਸਤਾਵੇਜ਼ ਜਮ੍ਹਾਂ ਕਰਵਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
75 ਸਾਲਾ ਸਾਬਕਾ ਡਿਪਲੋਮੈਟ ਨੇ ਏਸ਼ੀਆ, ਅਫਰੀਕਾ ਅਤੇ ਯੂਰਪ ਵਿੱਚ ਵੱਖ-ਵੱਖ ਡਿਪਲੋਮੈਟਿਕ ਅਹੁਦਿਆਂ ‘ਤੇ ਸੇਵਾ ਨਿਭਾਈ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਜਲੰਧਰ ਤੋਂ ਵੋਟ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਬੀ.ਐੱਲ.ਓ. (BLO) ਨਾਲ ਜ਼ਰੂਰੀ ਦਸਤਾਵੇਜ਼ ਸਾਂਝੇ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ 27 ਅਗਸਤ ਨੂੰ ਲਾਡੋਵਾਲੀ ਰੋਡ ਸਥਿਤ ਇੱਕ ਦਫ਼ਤਰ ਵਿਖੇ ਵਾਧੂ ਸਬੂਤਾਂ ਨਾਲ ਪੇਸ਼ ਹੋਣ ਦਾ ਨੋਟਿਸ ਮਿਲਿਆ ਹੈ।
ਜਲੰਧਰ ਦੇ ਦਿਓਲ ਨਗਰ ਦੇ ਰਹਿਣ ਵਾਲੇ ਚੰਦਰ ਨੇ ਕਿਹਾ ਕਿ ਉਹ ਆਪਣਾ ਆਧਾਰ, ਵੋਟਰ ਆਈ.ਡੀ. ਅਤੇ ਹੋਰ ਲੋੜੀਂਦੇ ਦਸਤਾਵੇਜ਼ ਪਹਿਲਾਂ ਹੀ ਬੀ.ਐੱਲ.ਓ. ਨੂੰ ਜਮ੍ਹਾਂ ਕਰਵਾ ਚੁੱਕੇ ਹਨ।
ਖ਼ਾਸ ਤੌਰ ‘ਤੇ, ਰਮੇਸ਼ ਚੰਦਰ ਦੂਜੇ ਅਜਿਹੇ ਭਾਰਤੀ ਰਾਜਦੂਤ ਹਨ ਜਿਨ੍ਹਾਂ ਨੂੰ ਵੋਟਰ ਵਜੋਂ ਸੂਚੀਬੱਧ ਰਹਿਣ ਲਈ ਆਪਣੀ ਭਾਰਤੀ ਨਾਗਰਿਕਤਾ ਸਾਬਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਉੱਘੇ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੇ ਪੋਤੇ ਅਤੇ ਭਾਰਤੀ ਰਾਜਦੂਤ ਨਵਦੀਪ ਸੂਰੀ ਨੂੰ ਵੀ ਅਜਿਹਾ ਹੀ ਨੋਟਿਸ ਮਿਲਿਆ ਸੀ।
ਦਸੰਬਰ 2010 ਵਿੱਚ ਸੇਵਾਮੁਕਤ ਹੋਏ, ਰਮੇਸ਼ ਚੰਦਰ ਨੇ ਬੇਲਾਰੂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਈ ਅਤੇ ਜਪਾਨ ਵਿੱਚ ਭਾਰਤ ਦੇ ਕਾਂਊਸਲਰ; ਐਡਿਨਬਰਗ, ਯੂ.ਕੇ. ਵਿੱਚ ਭਾਰਤ ਦੇ ਕੌਂਸਲ ਜਨਰਲ, ਅਤੇ ਪ੍ਰਾਗ ਵਿੱਚ ਭਾਰਤ ਦੇ ਦੂਤਘਰ ਵਿੱਚ ਮੰਤਰੀ ਵਜੋਂ ਵੀ ਅਹੁਦੇ ਸੰਭਾਲੇ।
ਚੰਦਰ ਨੇ ਕਿਹਾ ਕਿ ਜਦੋਂ ਕਿ ਪੰਜਾਬ ਵਿੱਚ 2003 ਦੀ ਵੋਟਰ ਸੂਚੀ ਨੂੰ ਅਧਾਰ ਬਣਾਇਆ ਗਿਆ ਸੀ, ਉਨ੍ਹਾਂ ਤੋਂ ਨਾਗਰਿਕਤਾ ਦੇ ਸਬੂਤ ਦੀ ਪੁਸ਼ਟੀ ਕਰਨ ਲਈ ਵਾਧੂ ਦਸਤਾਵੇਜ਼ ਮੰਗੇ ਜਾ ਰਹੇ ਹਨ, ਭਾਵ ਉਹ ਲਗਾਤਾਰ ਵੋਟ ਪਾਉਂਦੇ ਆ ਰਹੇ ਹਨ।
ਉਨ੍ਹਾਂ ਨੇ ਇਸ਼ਾਰਾ ਕੀਤਾ ਕਿ 2003 ਵਿੱਚ, ਉਹ ਜਪਾਨ ਵਿੱਚ ਸੇਵਾ ਨਿਭਾ ਰਹੇ ਸਨ, ਇਸ ਲਈ ਉਹ ਵਿਦੇਸ਼ ਵਿੱਚ ਤਾਇਨਾਤ ਸਨ।
ਚੰਦਰ ਦਾ ਜਨਮ ਅਤੇ ਪਾਲਣ-ਪੋਸ਼ਣ ਜਲੰਧਰ ਵਿੱਚ ਹੋਇਆ ਹੈ ਅਤੇ ਇੱਥੇ ਉੱਚ ਪੜ੍ਹਾਈ ਕਰਨ ਤੋਂ ਬਾਅਦ, ਉਹ ਹੁਣ ਸੇਵਾਮੁਕਤੀ ਤੋਂ ਬਾਅਦ ਪਿਛਲੇ 15 ਸਾਲਾਂ ਤੋਂ ਜਲੰਧਰ ਵਿੱਚ ਰਹਿ ਰਹੇ ਹਨ।
ਚੰਦਰ ਨੇ ਕਿਹਾ, “ਮੈਂ ਨਵਦੀਪ ਸੂਰੀ ਦੇ ਕੇਸ ਬਾਰੇ ਪੜ੍ਹ ਰਿਹਾ ਸੀ ਅਤੇ ਮੈਨੂੰ ਵਿਅੰਗਾਤਮਕ ਤੌਰ ‘ਤੇ ਪਤਾ ਲੱਗਾ ਕਿ ਮੈਂ ਵੀ ਉਸੇ ਕਿਸ਼ਤੀ ਵਿੱਚ ਸਵਾਰ ਹਾਂ।”
ਸਾਬਕਾ ਡਿਪਲੋਮੈਟ ਨੂੰ (ਸ਼ਨਿਚਰਵਾਰ ਨੂੰ) ਵਧੀਕ ਚੋਣ ਰਜਿਸਟ੍ਰੇਸ਼ਨ ਅਫਸਰ, ਜਲੰਧਰ ਪੱਛਮੀ ਵੱਲੋਂ ਪ੍ਰਾਪਤ ਹੋਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਗਏ ਦਸਤਾਵੇਜ਼ ਉਨ੍ਹਾਂ ਨੂੰ ਵੋਟਰ ਵਜੋਂ ਸਥਾਪਤ ਕਰਨ ਲਈ ਨਾਕਾਫ਼ੀ ਹਨ ਅਤੇ ਐੱਸ.ਆਈ.ਆਰ. ਤੋਂ ਬਾਅਦ ਉਨ੍ਹਾਂ ਦੇ ਵੋਟਰ ਵੇਰਵੇ ਆਖਰੀ ਵੋਟਰ ਸੂਚੀ ਨਾਲ ਮੇਲ ਨਹੀਂ ਖਾਂਦੇ।