India latest news

Pulwama attack case: ਪੁਲਵਾਮਾ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਰੱਦ

Pulwama attack case: ਪੁਲਵਾਮਾ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਰੱਦ
  • PublishedAugust 22, 2026

ਇੱਥੇ ਇੱਕ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ 2019 ਦੇ ਪੁਲਵਾਮਾ ਖ਼ੁਦਕੁਸ਼ੀ ਹਮਲੇ, ਜਿਸ ਵਿੱਚ 40 ਸੀ.ਆਰ.ਪੀ.ਐੱਫ. ਜਵਾਨ ਮਾਰੇ ਗਏ ਸਨ, ਦੀ ਦੋਸ਼ੀ ਇੰਸ਼ਾ ਜਾਨ ਉਰਫ਼ ਇੰਸ਼ਾ ਤਾਰੀਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਸ ਵਿਰੁੱਧ ਦੋਸ਼ਾਂ ਨੂੰ ਪਹਿਲੀ ਨਜ਼ਰ ਵਿੱਚ ਸੱਚ ਮੰਨਣ ਲਈ ਰਿਕਾਰਡ ’ਤੇ ਲੋੜੀਂਦੀ ਸਮੱਗਰੀ ਮੌਜੂਦ ਹੈ।

ਵਿਸ਼ੇਸ਼ ਜੁਡੀਸ਼ੀਅਲ ਅਧਿਕਾਰੀ ਪ੍ਰੇਮ ਸਾਗਰ ਨੇ ਆਪਣੇ 15 ਸਫ਼ਿਆਂ ਦੇ ਹੁਕਮ ਵਿੱਚ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀ ਧਾਰਾ 43-ਡੀ(5) ਤਹਿਤ ਮੌਜੂਦ ਕਾਨੂੰਨੀ ਰੁਕਾਵਟ ਵੀ ਦੋਸ਼ੀ ‘ਤੇ ਲਾਗੂ ਹੁੰਦੀ ਹੈ ਅਤੇ ਇਸ ਪੜਾਅ ‘ਤੇ ਉਸਦੀ ਰਿਹਾਈ ਨੂੰ ਰੋਕਦੀ ਹੈ।

ਐੱਨ.ਆਈ.ਏ. ਦੀ ਚਾਰਜਸ਼ੀਟ ਅਨੁਸਾਰ, ਜਾਨ ਕਥਿਤ ਤੌਰ ‘ਤੇ ਅਤਿਵਾਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਪਾਕਿਸਤਾਨੀ ਅਤਿਵਾਦੀ ਮੁਹੰਮਦ ਉਮਰ ਫਾਰੂਕ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ‘ਤੇ ਦੋਸ਼ੀ ਅਤਿਵਾਦੀਆਂ ਨੂੰ ਭੋਜਨ, ਪਨਾਹ ਅਤੇ ਹੋਰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ, ਹਮਲੇ ਤੋਂ ਬਾਅਦ ਵਾਇਰਲ ਹੋਈ ਖ਼ੁਦਕੁਸ਼ੀ ਹਮਲਾਵਰ ਆਦਿਲ ਅਹਿਮਦ ਡਾਰ ਦੀ ਵੀਡੀਓ ਕਥਿਤ ਤੌਰ ‘ਤੇ 28 ਅਤੇ 29 ਜਨਵਰੀ ਨੂੰ ਉਸ ਦੇ ਘਰ ਰਿਕਾਰਡ ਕੀਤੀ ਗਈ ਸੀ।

ਬਚਾਅ ਪੱਖ ਨੇ ਲੰਬੀ ਕੈਦ, ਮੁਕੱਦਮੇ ਵਿੱਚ ਦੇਰੀ ਅਤੇ ਸਿਹਤ ਹਾਲਤ (ਚਮੜੀ ਦੀ ਸਮੱਸਿਆ ਅਤੇ ਸਿਰਦਰਦ) ਦਾ ਹਵਾਲਾ ਦਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ। ਉੱਥੇ ਹੀ ਐੱਨ.ਆਈ.ਏ. ਨੇ ਦੋਸ਼ਾਂ ਦੀ ਗੰਭੀਰਤਾ ਅਤੇ ਯੂ.ਏ.ਪੀ.ਏ. ਦੀ ਧਾਰਾ 43-ਡੀ(5) ਦੀਆਂ ਪਾਬੰਦੀਆਂ ਦਾ ਹਵਾਲਾ ਦੇ ਕੇ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ।

ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਦੇਰੀ ਇਕੱਲੀ ਜ਼ਮਾਨਤ ਦਾ ਆਧਾਰ ਨਹੀਂ ਬਣ ਸਕਦੀ ਅਤੇ ਮੁਕੱਦਮਾ ਚੱਲ ਰਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਦੋਸ਼ੀ ਦੀ ਸਿਹਤ ਦੀ ਹਾਲਤ ਜਾਨਲੇਵਾ ਨਹੀਂ ਹੈ, ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੂੰ ਉਸ ਨੂੰ ਸਾਰੀ ਜ਼ਰੂਰੀ ਮੈਡੀਕਲ ਦੇਖਭਾਲ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।