ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ’ਤੇ ਹਮਲਾ, 2 ਵਿਅਕਤੀ ਜ਼ਖਮੀ; ਸ਼ੱਕੀ ਕਾਬੂ
ਐਡਮਿੰਟਨ: ਕੈਨੇਡਾ ਦੇ ਐਡਮਿੰਟਨ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਇੱਕ ਹਿੰਸਕ ਘਟਨਾ ਵਾਪਰੀ, ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਐਡਮਿੰਟਨ ਪੁਲਿਸ ਨੂੰ ਸਵੇਰੇ 5:08 ਵਜੇ ਨਾਨਕਸਰ ਸਿੱਖ ਟੈਂਪਲ ਵਿੱਚ ਛੁ/ਰੇਬਾਜ਼ੀ ਦੀ ਸੂਚਨਾ ਮਿਲੀ। ਪੁਲਿਸ ਦੀ ਨਾਰਥਈਸਟ ਬ੍ਰਾਂਚ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੱਥੇ ਇੱਕ ਬਾਲਗ ਪੁਰਸ਼ ਸ਼ੱਕੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮੁਤਾਬਕ ਦੋ ਬਾਲਗ ਪੁਰਸ਼ਾਂ ਨੂੰ ਮੌਕੇ ’ਤੇ ਇਲਾਜ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ।
ਗੁਰਦੁਆਰਾ ਸਾਹਿਬ ਨੂੰ ਆਮ ਸੰਗਤ ਲਈ ਕੀਤਾ ਬੰਦ
ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਜਾਰੀ ਰਹਿਣ ਤੱਕ ਗੁਰਦੁਆਰਾ ਸਾਹਿਬ ਨੂੰ ਆਮ ਸੰਗਤ ਲਈ ਬੰਦ ਰੱਖਿਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (WSO) ਨੇ ਵੀ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਹਮਲੇ ਦੇ ਹਾਲਾਤ ਅਤੇ ਇਸ ਦੇ ਮਕਸਦ ਬਾਰੇ ਹੋਰ ਪੁਸ਼ਟੀ ਕੀਤੀ ਜਾਣਕਾਰੀ ਦੀ ਉਡੀਕ ਕਰ ਰਹੀ ਹੈ। WSO ਨੇ ਐਡਮਿੰਟਨ ਪੁਲਿਸ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਾਂਚ ਦੌਰਾਨ ਇਹ ਪੱਖ ਵੀ ਦੇਖਿਆ ਜਾਵੇ ਕਿ ਕੀ ਹਮਲੇ ਪਿੱਛੇ ਨਫ਼ਰਤ ਜਾਂ ਪੱਖਪਾਤ ਦਾ ਕੋਈ ਕਾਰਨ ਸੀ।
ਕੁਝ ਰਿਪੋਰਟਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਇਸ ਪੱਖ ਬਾਰੇ ਪੁਲਿਸ ਦੀ ਅੰਤਿਮ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।
ਅਲਬਰਟਾ ਦੇ ਸਿੱਖ ਭਾਈਚਾਰੇ ਵਿੱਚ ਵਧੀ ਚਿੰਤਾ
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਲਬਰਟਾ ਵਿੱਚ ਸਿੱਖ ਭਾਈਚਾਰੇ ਨਾਲ ਜੁੜੀਆਂ ਕਈ ਘਟਨਾਵਾਂ ਨੇ ਚਿੰਤਾ ਵਧਾਈ ਹੋਈ ਹੈ।
ਹਾਲ ਹੀ ਵਿੱਚ ਕੈਲਗਰੀ ਦੇ ਦੋ ਗੁਰਦੁਆਰਾ ਸਾਹਿਬਾਨ ਨੂੰ ਧਮਕੀ ਭਰੀਆਂ ਕਾਲਾਂ ਮਿਲਣ ਦੀ ਜਾਂਚ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਨਾਨਕਸਰ ਗੁਰਦੁਆਰਾ ਸਾਹਿਬ ਦੀ ਘਟਨਾ ਦਾ ਜ਼ਿਕਰ ਕਰਦਿਆਂ WSO ਨੇ ਕਿਹਾ ਹੈ ਕਿ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਨੂੰ ਹੋਰ ਕਦਮ ਚੁੱਕਣ ਦੀ ਲੋੜ ਹੈ।