Canada: ਸ਼ਰਾਬ ਪੀ ਕੇ ਡੰਪ ਟਰੱਕ ਚਲਾਉਂਦਾ ਪੰਜਾਬੀ ਡਰਾਈਵਰ ਗ੍ਰਿਫ਼ਤਾਰ; ਲਾਇਸੈਂਸ ਮੁਅੱਤਲ ਤੇ ਟਰੱਕ ਜ਼ਬਤ
ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚੋਂ ਪੰਜਾਬੀ ਭਾਈਚਾਰੇ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਲੇਡਨ ਇਲਾਕੇ ਵਿੱਚ ਪੁਲੀਸ ਨੇ ਸ਼ਰਾਬ ਦੇ ਨਸ਼ੇ ਵਿੱਚ ਟਰੱਕ ਚਲਾਉਣ ਦੇ ਦੋਸ਼ ਹੇਠ ਬਰੈਂਪਟਨ ਦੇ ਰਹਿਣ ਵਾਲੇ 33 ਸਾਲਾ ਚਮਕੌਰ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸੜਕੀ ਸੁਰੱਖਿਆ ਅਤੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਗੰਭੀਰ ਮੁੱਦੇ ਨੂੰ ਉਭਾਰਿਆ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲੀਸ (OPP) ਦੇ ਅਧਿਕਾਰੀਆਂ ਅਨੁਸਾਰ, ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲੀਸ ਗਸ਼ਤ ਦੌਰਾਨ ਮਾਊਂਟੇਨਵਿਊ ਰੋਡ ਅਤੇ ਐਸਕਾਰਪਮੈਂਟ ਸਾਈਡ ਰੋਡ ਦੇ ਖੇਤਰ ਵਿੱਚ ਸੀ। ਉੱਥੇ ਇੱਕ ਡੰਪ ਟਰੱਕ ਨੂੰ ਉਸ ਸੜਕ ’ਤੇ ਜਾਂਦਿਆਂ ਵੇਖਿਆ ਗਿਆ, ਜਿੱਥੇ ਭਾਰੀ ਵਾਹਨਾਂ ਦੇ ਜਾਣ ’ਤੇ ਸਖ਼ਤ ਮਨਾਹੀ ਹੈ।
ਸ਼ੱਕ ਪੈਣ ’ਤੇ ਪੁਲੀਸ ਨੇ ਤੁਰੰਤ ਟਰੱਕ ਨੂੰ ਰੋਕ ਲਿਆ। ਪੁੱਛਗਿੱਛ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਡਰਾਈਵਰ ਚਮਕੌਰ ਸੰਧੂ ਨੇ ਭਾਰੀ ਮਾਤਰਾ ਵਿੱਚ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਕੰਟਰੋਲ ਕਰਨ ਦੇ ਸਮਰੱਥ ਨਹੀਂ ਸੀ।
ਪੁਲੀਸ ਨੇ ਡਰਾਈਵਰ ਵਿਰੁੱਧ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਣ, ਨਸ਼ੇ ਦੀ ਮੌਜੂਦਗੀ ਅਤੇ ਪਾਬੰਦੀਸ਼ੁਦਾ ਰਸਤੇ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਭਾਰੀ ਵਾਹਨ ਲਿਜਾਣ ਦੇ ਦੋਸ਼ ਲਾਏ ਹਨ। ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਪੁਲੀਸ ਨੇ ਟਰੱਕ ਨੂੰ 7 ਦਿਨਾਂ ਲਈ ਜ਼ਬਤ ਕਰ ਲਿਆ ਹੈ ਅਤੇ ਦੋਸ਼ੀ ਦਾ ਡਰਾਈਵਿੰਗ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਚਮਕੌਰ ਸੰਧੂ ਨੂੰ ਇਸ ਮਾਮਲੇ ਸਬੰਧੀ ਅਗਲੇ ਮਹੀਨੇ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਕਮਰਸ਼ੀਅਲ (ਟਰੱਕ ਜਾਂ ਬੱਸ) ਡਰਾਈਵਰਾਂ ਲਈ ਕਾਨੂੰਨ ਬਹੁਤ ਸਖ਼ਤ ਹਨ ਅਤੇ ਖ਼ੂਨ ਵਿੱਚ ਅਲਕੋਹਲ ਦੀ ਮਾਤਰਾ ਸਬੰਧੀ ਇੱਥੇ ‘ਜ਼ੀਰੋ-ਟਾਲਰੈਂਸ’ ਨੀਤੀ ਲਾਗੂ ਹੈ।