latest news World

ਟਰੰਪ ਨੇ ਸਾਊਦੀ ਅਰਬ-ਤੁਰਕੀ-ਪਾਕਿਸਤਾਨ ਰੱਖਿਆ ਸਮਝੌਤੇ ਨੂੰ ‘ਵੱਡਾ ਅਤੇ ਦਲੇਰਾਨਾ’ ਕਦਮ ਦੱਸਿਆ

ਟਰੰਪ ਨੇ ਸਾਊਦੀ ਅਰਬ-ਤੁਰਕੀ-ਪਾਕਿਸਤਾਨ ਰੱਖਿਆ ਸਮਝੌਤੇ ਨੂੰ ‘ਵੱਡਾ ਅਤੇ ਦਲੇਰਾਨਾ’ ਕਦਮ ਦੱਸਿਆ
  • PublishedAugust 17, 2026

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਵਿਚਕਾਰ ਹੋਏ ਰੱਖਿਆ ਸਮਝੌਤੇ ਨੂੰ ”ਵੱਡਾ, ਦਲੇਰਾਨਾ ਅਤੇ ਮਹੱਤਵਪੂਰਨ ਪਹਿਲਕਦਮੀ” ਦੱਸਦਿਆਂ ਕਿਹਾ ਕਿ ਇਸ ਨਾਲ ਇਹ ਦੇਸ਼ ”ਹੋਰ ਸਾਰਥਕ ਤਰੀਕੇ ਨਾਲ” ਆਪਣੀ ਰੱਖਿਆ ਕਰ ਸਕਣਗੇ।

ਸਾਊਦੀ ਅਰਬ ਦੇ ਸ਼ਹਿਰ ਮੱਕਾ ਵਿੱਚ 7 ਅਗਸਤ ਨੂੰ ਦਸਤਖ਼ਤ ਕੀਤੇ ਗਏ ਇਸ ਸਮਝੌਤੇ ਤਹਿਤ ਤਿੰਨਾਂ ਵਿੱਚੋਂ ਕਿਸੇ ਇੱਕ ਦੇਸ਼ ਉੱਤੇ ਹਥਿਆਰਬੰਦ ਹਮਲਾ ਤਿੰਨਾਂ ਦੇਸ਼ਾਂ ਉੱਤੇ ਹਮਲਾ ਮੰਨਿਆ ਜਾਵੇਗਾ।

ਇਸ ਸਮਝੌਤੇ ਉੱਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰਜਬ ਤਈਬ ਏਰਦੋਆਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਦਸਤਖ਼ਤ ਕੀਤੇ ਸਨ।

ਸ਼ਰੀਫ਼ ਨੇ ਸੋਮਵਾਰ ਨੂੰ ਤਿੰਨਾਂ ਦੇਸ਼ਾਂ ਵਿਚਕਾਰ ਹੋਏ ਰੱਖਿਆ ਸਮਝੌਤੇ ਉੱਤੇ ਟਰੰਪ ਦੀਆਂ ”ਉਦਾਰ ਟਿੱਪਣੀਆਂ” ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਆਪਣੀ ਅਤੇ ਪੂਰੇ ਖੇਤਰ ਦੀ ਰੱਖਿਆ ਯਕੀਨੀ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।

ਉੱਥੇ ਹੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਉੱਤੇ ਇੱਕ ਪੋਸਟ ਵਿੱਚ ਕਿਹਾ, ”ਮੈਂ ਇਹ ਦੇਖ ਕੇ ਬਹੁਤ ਖ਼ੁਸ਼ ਹਾਂ ਕਿ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ ਹਾਲ ਹੀ ਵਿੱਚ ਅਤੇ ਆਖ਼ਰਕਾਰ ਮੱਕਾ ਸੰਯੁਕਤ ਰੱਖਿਆ ਸਮਝੌਤੇ ਉੱਤੇ ਦਸਤਖ਼ਤ ਕਰ ਦਿੱਤੇ ਹਨ। ਇਹ ਦਰਸਾਉਂਦਾ ਹੈ ਕਿ ਪੱਛਮੀ ਏਸ਼ੀਆ ਕਿਸ ਤਰ੍ਹਾਂ ਇੱਕਜੁੱਟ ਹੋ ਰਿਹਾ ਹੈ ਅਤੇ ਇਹ ਦੇਸ਼ ਹੋਰ ਸਾਰਥਕ ਤਰੀਕੇ ਨਾਲ ਆਪਣੀ ਰੱਖਿਆ ਕਰ ਸਕਣਗੇ।”

ਟਰੰਪ ਨੇ ਕਿਹਾ, ”ਇਨ੍ਹਾਂ ਤਿੰਨਾਂ ਦੇਸ਼ਾਂ ਦੀ ਮਹਾਨ ਲੀਡਰਸ਼ਿਪ ਨੂੰ ਵਧਾਈ। ਇਹ ਇੱਕ ਵੱਡੀ, ਦਲੇਰ ਅਤੇ ਮਹੱਤਵਪੂਰਨ ਪਹਿਲਕਦਮੀ ਹੈ।”

ਉੱਥੇ ਹੀ ਸ਼ਰੀਫ਼ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, ”ਮੱਕਾ ਸੰਯੁਕਤ ਰੱਖਿਆ ਸਮਝੌਤੇ ਉੱਤੇ ਦਸਤਖ਼ਤ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਨ ਦੇ ਉਦਾਰ ਸ਼ਬਦਾਂ ਦੀ ਮੈਂ ਡੂੰਘੀ ਸ਼ਲਾਘਾ ਕਰਦਾ ਹਾਂ।”

ਉਨ੍ਹਾਂ ਕਿਹਾ, ”ਸਾਊਦੀ ਅਰਬ ਅਤੇ ਤੁਰਕੀ ਨਾਲ ਮਿਲ ਕੇ ਪਾਕਿਸਤਾਨ ਆਪਣੇ ਦੇਸ਼ ਦੇ ਨਾਲ-ਨਾਲ ਪੂਰੇ ਖੇਤਰ ਦੀ ਰੱਖਿਆ ਕਰਨ ਵਿੱਚ ਰਚਨਾਤਮਕ ਭੂਮਿਕਾ ਨਿਭਾਉਂਦਾ ਰਹੇਗਾ।”