India latest news

NTA ਦੇ 50 ਕਰਮਚਾਰੀ ਬਰਖ਼ਾਸਤ; ਪ੍ਰੀਖਿਆ ਪ੍ਰਕਿਰਿਆਵਾਂ ਦਾ ਆਡਿਟ ਕਰਨ ਦੇ ਹੁਕਮ

NTA ਦੇ 50 ਕਰਮਚਾਰੀ ਬਰਖ਼ਾਸਤ; ਪ੍ਰੀਖਿਆ ਪ੍ਰਕਿਰਿਆਵਾਂ ਦਾ ਆਡਿਟ ਕਰਨ ਦੇ ਹੁਕਮ
  • PublishedAugust 17, 2026

ਕੌਮੀ ਟੈਸਟਿੰਗ ਏਜੰਸੀ (NTA) ਵੱਲੋਂ ਪ੍ਰਸ਼ਨ ਪੱਤਰਾਂ ਵਿੱਚ ਗਲਤੀਆਂ ਕਾਰਨ ਅੰਗਰੇਜ਼ੀ, ਸਮਾਜ ਸ਼ਾਸਤਰ ਅਤੇ ਵਣਜ (ਕਾਮਰਸ) ਦੀਆਂ ਯੂ ਜੀ ਸੀ-ਨੈੱਟ (UGC-NET) ਪ੍ਰੀਖਿਆਵਾਂ ਮੁੜ ਕਰਵਾਉਣ ਦੇ ਐਲਾਨ ਤੋਂ ਇੱਕ ਦਿਨ ਬਾਅਦ, ਐੱਨ ਟੀ ਏ ਵਿੱਚੋਂ 50 ਤੋਂ ਵੱਧ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਹੈ।

ਸੋਮਵਾਰ ਨੂੰ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਐੱਨ ਟੀ ਏ ਦੇ ਡਾਇਰੈਕਟਰ ਜਨਰਲ ਨਾਲ ਹੋਈ ਮੀਟਿੰਗ ਵਿੱਚ, ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਹੁਕਮ ਦਿੱਤੇ ਕਿ ਟੈਸਟਿੰਗ ਏਜੰਸੀ ਸਾਰੀਆਂ ਪ੍ਰੀਖਿਆ ਪ੍ਰਕਿਰਿਆਵਾਂ ਦਾ ਮੁਕੰਮਲ ਆਡਿਟ ਕਰੇ ਅਤੇ ਇੱਕ ਮਹੀਨੇ ਦੇ ਅੰਦਰ ਚੁੱਕੇ ਗਏ ਸੁਧਾਰਾਤਮਕ ਕਦਮਾਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ।

ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਟੈਸਟਿੰਗ ਏਜੰਸੀ ਨੇ ਮੁੱਖ ਤਕਨਾਲੋਜੀ ਅਧਿਕਾਰੀ, ਮੁੱਖ ਵਿੱਤ ਅਧਿਕਾਰੀ, ਮੁੱਖ ਸੂਚਨਾ ਸੁਰੱਖਿਆ ਅਧਿਕਾਰੀ, ਜਨਰਲ ਮੈਨੇਜਰ, ਪ੍ਰੀਖਿਆ ਸੁਰੱਖਿਆ, ਆਰ ਐਂਡ ਡੀ ਅਤੇ ਸਾਈਕੋਮੈਟ੍ਰਿਕਸ ਸਮੇਤ ਦਸ ਨਵੇਂ ਪੇਸ਼ੇਵਰ ਲੀਡਰਸ਼ਿਪ ਅਹੁਦਿਆਂ ਲਈ ਇਸ਼ਤਿਹਾਰ ਦਿੱਤਾ ਹੈ।

ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ, “ਸਾਈਬਰ-ਸੁਰੱਖਿਆ, ਸਾਈਕੋਮੈਟ੍ਰਿਕਸ, ਪ੍ਰਸ਼ਨ-ਪੱਤਰ ਡਿਜ਼ਾਈਨ ਅਤੇ ਹੋਰ ਵਿਸ਼ੇਸ਼ ਖੇਤਰਾਂ ਲਈ ਨਿੱਜੀ ਸੈਕਟਰ ਤੋਂ ਡੋਮੇਨ ਮਾਹਰ ਲਿਆਂਦੇ ਜਾ ਰਹੇ ਹਨ।”

ਜੋਸ਼ੀ ਨੇ ਇਹ ਵੀ ਹੁਕਮ ਦਿੱਤੇ ਕਿ ਸਥਾਪਿਤ ਪ੍ਰੀਖਿਆ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਐੱਨ ਟੀ ਏ ਨੂੰ ਇਹ ਵੀ ਹੁਕਮ ਦਿੱਤੇ ਕਿ ਗੁਪਤ ਕਾਰਜਾਂ (CONOPS) ਦੇ ਢਾਂਚੇ, ਸੈਕਲੂਡਡ ਰੂਮਜ਼, ਏਅਰ-ਗੈਪਡ ਪ੍ਰਣਾਲੀਆਂ ਅਤੇ ਡਿਵਾਈਸ-ਜਮ੍ਹਾਂ ਕਰਨ ਦੇ ਪ੍ਰੋਟੋਕਾਲ ਵਿੱਚ ਪੂਰੀ ਤਰ੍ਹਾਂ ਤਬਦੀਲੀ ਨੂੰ ਜੰਗੀ ਪੱਧਰ ‘ਤੇ ਲਾਗੂ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਐੱਨ ਟੀ ਏ ਨੇ ਜੂਨੀਅਰ ਰਿਸਰਚ ਫੈਲੋਸ਼ਿਪ, ਸਹਾਇਕ ਪ੍ਰੋਫ਼ੈਸਰ ਲਈ ਯੋਗਤਾ ਅਤੇ ਪੀ ਐੱਚ ਡੀ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ 22 ਤੋਂ 30 ਜੂਨ ਤੱਕ 87 ਵਿਸ਼ਿਆਂ ਵਿੱਚ ਯੂ ਜੀ ਸੀ-ਨੈੱਟ (UGC-NET) ਪ੍ਰੀਖਿਆ ਆਯੋਜਿਤ ਕੀਤੀ ਸੀ। ਇਸ ਦੌਰਾਨ ਉਮੀਦਵਾਰਾਂ ਨੇ ਦਾਅਵਾ ਕੀਤਾ ਸੀ ਕਿ ਸਮਾਜ ਸ਼ਾਸਤਰ ਦੇ ਪੇਪਰ ਵਿੱਚ ਕਈ ਸਪੈਲਿੰਗ, ਵਿਆਕਰਣ ਅਤੇ ਅਨੁਵਾਦ ਦੀਆਂ ਗਲਤੀਆਂ ਸਨ, ਜਿਸ ਵਿੱਚ ਮਸ਼ਹੂਰ ਸਮਾਜ ਸ਼ਾਸਤਰੀਆਂ ਦੇ ਨਾਮ ਗਲਤ ਤਰੀਕੇ ਨਾਲ “Ritzer” ਦੀ ਬਜਾਏ “Putzer” ਅਤੇ “Nussbaum” ਦੀ ਬਜਾਏ “Nusbaut” ਲਿਖੇ ਗਏ ਸਨ। ਇੱਥੇ ਇਹ ਦੋਸ਼ ਵੀ ਲੱਗੇ ਸਨ ਕਿ ਅੰਗਰੇਜ਼ੀ ਦੇ ਪੇਪਰ ਵਿੱਚ ਕਾਫ਼ੀ ਗਿਣਤੀ ਵਿੱਚ ਸਵਾਲ ਪਿਛਲੇ ਸਾਲਾਂ ਵਿੱਚੋਂ ਦੁਹਰਾਏ ਗਏ ਸਨ।

ਹੁਣ ਯੂ ਜੀ ਸੀ-ਨੈੱਟ (UGC-NET) ਦੇ ਅੰਗਰੇਜ਼ੀ ਅਤੇ ਕਾਮਰਸ ਦੇ ਪੇਪਰ 9 ਸਤੰਬਰ ਨੂੰ ਹੋਣਗੇ, ਜਦੋਂ ਕਿ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਆਯੋਜਿਤ ਕੀਤੀ ਜਾਵੇਗੀ।