latest news Punjab

Viral Video: ਹਰਪਾਲ ਚੀਮਾ ਅਤੇ ਹਰਭਜਨ ਸਿੰਘ ਵਿਚਕਾਰ ਸ਼ਬਦੀ ਜੰਗ ਤੇਜ਼; ਕੀ ਪੰਜਾਬ ਨਸ਼ਾ-ਮੁਕਤ ਹੋ ਗਿਆ ਹੈ?: ਹਰਭਜਨ ਸਿੰਘ

Viral Video: ਹਰਪਾਲ ਚੀਮਾ ਅਤੇ ਹਰਭਜਨ ਸਿੰਘ ਵਿਚਕਾਰ ਸ਼ਬਦੀ ਜੰਗ ਤੇਜ਼; ਕੀ ਪੰਜਾਬ ਨਸ਼ਾ-ਮੁਕਤ ਹੋ ਗਿਆ ਹੈ?: ਹਰਭਜਨ ਸਿੰਘ
  • PublishedAugust 11, 2026

Zombie drug’ video row: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਦੋ ਨਸ਼ੇੜੀਆਂ ਦੀ ਵੀਡੀਓ ਪੰਜਾਬ ਵਿੱਚ ਨਹੀਂ, ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਬਣੀ ਹੋਈ ਪਾਈ ਗਈ ਹੈ।

ਚੀਮਾ ਨੇ ਸੰਸਦ ਮੈਂਬਰ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ‘ਆਪ’ ਹੀ ਸੀ ਜਿਸ ਨੇ ਸੂਬੇ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਿਆ ਅਤੇ ਸੋਚਿਆ ਕਿ ਉਹ ਪੰਜਾਬੀ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣਨਗੇ। ਉਨ੍ਹਾਂ ਕਿਹਾ, “ਇਸ ਲਈ ਅਸੀਂ ਉਨ੍ਹਾਂ ਨੂੰ ਸੰਸਦ ਦੇ ਉੱਪਰਲੇ ਸਦਨ ਵਿੱਚ ‘ਆਪ’ ਅਤੇ ਇਸ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਸੀ। ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਬਿਲਕੁਲ ਇਸ ਦੇ ਉਲਟ ਕਰ ਰਹੇ ਹਨ।”

ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਬੀਤੀ ਦੇਰ ਰਾਤ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਦੋ ਪੱਗਾਂ ਬੰਨੇ ਨੌਜਵਾਨ ਅਜੀਬ ਹਾਲਤ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ, “ਉਨ੍ਹਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਹੈ? ਜਾਪਦਾ ਹੈ ਕਿ ਮੇਰੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ।… ਸਰਕਾਰਾਂ ਨੇ ਪੰਜਾਬ ਅਤੇ ਪੰਜਾਬੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ…।”

ਸੰਸਦ ਮੈਂਬਰ ਹਰਭਜਨ ਨੇ ਮੁੜ ਪੁੱਛਿਆ, ਕੀ ਪੰਜਾਬ ਨਸ਼ਾ-ਮੁਕਤ ਹੋ ਗਿਆ ਹੈ?

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਦੋ ਨਸ਼ੇੜੀਆਂ ਦੀ ਵੀਡੀਓ ਨੂੰ ਰਾਜਸਥਾਨ ਦੀ ਕਹੇ ਜਾਣ ਤੋਂ ਬਾਅਦ ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹੀਆਂ ਹੋਰ ਵੀਡੀਓਜ਼ ਅਤੇ ਤਸਵੀਰਾਂ ਪੋਸਟ ਕਰਕੇ ਮੋੜਵਾਂ ਜਵਾਬ ਦਿੱਤਾ ਹੈ।

ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਭਾਜੀ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਦਿਆਂ ਪਲਟਵਾਰ ਕੀਤਾ, “ਕੀ ਇਹ ਵੀ ਰਾਜਸਥਾਨ ਦੀ ਤਸਵੀਰ ਹੈ? ਚਰਚਾ ਪੰਜਾਬ ਦੀ ਨਸ਼ੇ ਦੀ ਸਮੱਸਿਆ ਬਾਰੇ ਹੈ। ਤੁਹਾਡੇ ਪੇਡ ਟ੍ਰੋਲਜ਼ ਨਾਲ ਇਹ ਮੁੱਦਾ ਲੁਕਾਇਆ ਨਹੀਂ ਜਾਵੇਗਾ। ਇਸ ਉੱਤੇ ਕੰਮ ਕਰਨਾ ਪਵੇਗਾ। ਜ਼ਿੰਮੇਵਾਰੀਆਂ ਤੋਂ ਭੱਜਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਮਾਮਲਾ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ ਹੈ। ਪੰਜਾਬ ਅਤੇ ਪੂਰੇ ਦੇਸ਼ ਵਿੱਚ ਕੋਈ ਵੀ ਵਿਅਕਤੀ ਜੋ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ, ਉਸ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਜੋ ਵੀ ਯਤਨ ਕੀਤੇ ਜਾਣ, ਉਹ ਕੀਤੇ ਜਾਣੇ ਚਾਹੀਦੇ ਹਨ। ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਿਨਾਂ, ਪੰਜਾਬ ਸਰਕਾਰ ਨੂੰ ਇਸ ਗੱਲ ‘ਤੇ ਕੰਮ ਕਰਨਾ ਚਾਹੀਦਾ ਹੈ ਕਿ ਪੰਜਾਬ ਨੂੰ ਨਸ਼ਾ-ਮੁਕਤ ਕਿਵੇਂ ਬਣਾਇਆ ਜਾਵੇ।”

ਭੱਜੀ ਨੇ ‘ਆਪ’ ਆਗੂਆਂ ਵੱਲੋਂ ਉਨ੍ਹਾਂ ‘ਤੇ ਸਾਧੇ ਗਏ ਨਿਸ਼ਾਨੇ ਦਾ ਜਵਾਬ ਦਿੰਦਿਆਂ ਮੀਡੀਆ ਨੂੰ ਬਾਈਟ ਵੀ ਦਿੱਤੀ, “ਮੈਂ ਚਾਹੁੰਦਾ ਹਾਂ ਕਿ ਪੰਜਾਬ ਨਸ਼ਾ-ਮੁਕਤ ਹੋਵੇ। ਮੈਂ ਉਸ ਖਾਸ ਵੀਡੀਓ ‘ਤੇ ਇਤਰਾਜ਼ ਜਤਾਉਣ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਪੰਜਾਬ ਵਿੱਚ ਅਜਿਹੇ ਦ੍ਰਿਸ਼ ਨਹੀਂ ਦੇਖ ਸਕਦੇ? ਮੈਂ ਪੰਜਾਬ ਵਿੱਚ ਰਹਿੰਦਾ ਹਾਂ ਅਤੇ ਸਥਿਤੀ ਨੂੰ ਜਾਣਦਾ ਹਾਂ। ਜੇ ਉਹ ਸੋਚਦੇ ਹਨ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰ ਦਿੱਤਾ ਗਿਆ ਹੈ, ਤਾਂ ਉਨ੍ਹਾਂ ਨੂੰ ਬਾਹਰ ਆ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਪੰਜਾਬ ਨੂੰ ਨਸ਼ਾ-ਮੁਕਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਜੇ ਮੈਂ ਪੰਜਾਬ ਦੇ ਮੁੱਦਿਆਂ ‘ਤੇ ਗੱਲ ਨਹੀਂ ਕਰਦਾ, ਤਾਂ ਸੰਸਦ ਵਿੱਚ ਹੋਣ ਦਾ ਕੋਈ ਮਕਸਦ ਨਹੀਂ ਹੈ। ਇਹ ਇੱਕ ਗੰਭੀਰ ਮੁੱਦਾ ਹੈ ਅਤੇ ਸਰਕਾਰਾਂ ਨੂੰ ਇਸ ‘ਤੇ ਕੰਮ ਕਰਨਾ ਚਾਹੀਦਾ ਹੈ। ਮੈਂ ਆਪਣੇ ਵੱਲੋਂ ਸਮੇਂ-ਸਮੇਂ ‘ਤੇ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਪੰਜਾਬ ਨਸ਼ਾ-ਮੁਕਤ ਹੋ ਸਕੇ। ਮੈਂ ਇਸ ਬਾਰੇ ਗੱਲ ਕਰਦਾ ਰਹਾਂਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਾ ਰਹਾਂਗਾ।”