India latest news

Air India Turbulence Case: ਪੁਸ਼ਟੀਕਰਨ ਟੈਸਟ ਦੇ ਨਤੀਜੇ ਆਉਣ ਤੱਕ DGCA ਨੇ ਦੋਵਾਂ ਪਾਇਲਟਾਂ ਨੂੰ ਡਿਊਟੀ ਰੋਸਟਰ ਤੋਂ ਕੀਤਾ ਬਾਹਰ

Air India Turbulence Case: ਪੁਸ਼ਟੀਕਰਨ ਟੈਸਟ ਦੇ ਨਤੀਜੇ ਆਉਣ ਤੱਕ DGCA ਨੇ ਦੋਵਾਂ ਪਾਇਲਟਾਂ ਨੂੰ ਡਿਊਟੀ ਰੋਸਟਰ ਤੋਂ ਕੀਤਾ ਬਾਹਰ
  • PublishedAugust 9, 2026

4 ਅਗਸਤ ਨੂੰ ਏਅਰ ਇੰਡੀਆ ਦੀ ਫੁਕੇਟ-ਦਿੱਲੀ ਉਡਾਣ ਦੇ ਹਵਾ ਦੇ ਤੇਜ਼ ਝਟਕਿਆਂ (ਟਰਬੂਲੈਂਸ) ਦੌਰਾਨ ਲਗਪਗ 300 ਫੁੱਟ ਹੇਠਾਂ ਆਉਣ ਅਤੇ 17 ਲੋਕਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਉਸ ਉਡਾਣ ਦੇ ਪਾਇਲਟ-ਇਨ-ਕਮਾਂਡ (PIC) ਦਾ ਡਰੱਗ ਟੈਸਟ ਕੀਤਾ ਗਿਆ ਹੈ। ਇਸ ਟੈਸਟ ਦਾ ਨਤੀਜਾ ਅਜਿਹਾ ਆਇਆ ਹੈ ਜਿਸ ਲਈ ਪੁਸ਼ਟੀਕਰਨ (ਕੰਫਰਮੇਟਰੀ) ਟੈਸਟ ਦੀ ਲੋੜ ਹੈ ਅਤੇ ਨਮੂਨੇ ਨੂੰ ਇੱਕ ਨਿਰਧਾਰਤ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਡੀ ਜੀ ਸੀ ਏ (DGCA) ਨੇ ਨਤੀਜੇ ਆਉਣ ਤੱਕ ਦੋਵਾਂ ਪਾਇਲਟਾਂ ਨੂੰ ਡਿਊਟੀ ਰੋਸਟਰ ਤੋਂ ਹਟਾ ਦਿੱਤਾ ਹੈ।

ਹਵਾਬਾਜ਼ੀ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇਹ ਸਕ੍ਰੀਨਿੰਗ ਏਅਰ ਇੰਡੀਆ ਦੇ ਏ 320 ਜਹਾਜ਼ (ਵੀ ਟੀ -ਈ ਐਕਸ ਓ) ਨਾਲ ਸਬੰਧਤ ਘਟਨਾ ਤੋਂ ਬਾਅਦ ਤੈਅ ਪ੍ਰਕਿਰਿਆ ਤਹਿਤ ਕੀਤੀ ਗਈ ਸੀ, ਜੋ ਕਿ ਫੁਕੇਟ ਤੋਂ ਦਿੱਲੀ ਲਈ ਉਡਾਣ AI2379 ਦਾ ਸੰਚਾਲਨ ਕਰ ਰਿਹਾ ਸੀ। ਇਸ ਜਹਾਜ਼ ਵਿੱਚ 137 ਯਾਤਰੀ (ਜਿਨ੍ਹਾਂ ਵਿੱਚ ਤਿੰਨ ਬੱਚੇ ਸ਼ਾਮਲ ਸਨ) ਅਤੇ ਅੱਠ ਕਰੂ ਮੈਂਬਰ (ਦੋ ਪਾਇਲਟ ਅਤੇ ਛੇ ਕੈਬਿਨ ਕਰੂ) ਸਵਾਰ ਸਨ। ਹਾਲਾਂਕਿ ਟਰਬੂਲੈਂਸ ਤੋਂ ਬਾਅਦ ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਲੈਂਡ ਕਰ ਗਿਆ ਸੀ।

ਇਹ ਘਟਨਾਕ੍ਰਮ ਉਨ੍ਹਾਂ ਖ਼ਬਰਾਂ ਦੇ ਵਿਚਕਾਰ ਸਾਹਮਣੇ ਆਇਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਇਲਟ ਕਥਿਤ ਤੌਰ ਉੱਤੇ ਉਡਾਣ ਤੋਂ ਬਾਅਦ ਦੇ ਡਰੱਗ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ। ਹਾਲਾਂਕਿ, ਮੰਤਰਾਲੇ ਨੇ ਕਿਹਾ ਕਿ ਪਾਇਲਟ-ਇਨ-ਕਮਾਂਡ (PIC) ਦੀ ਸ਼ੁਰੂਆਤੀ ਸਕ੍ਰੀਨਿੰਗ ਦਾ ਨਤੀਜਾ ਅਜਿਹਾ ਸੀ ਜਿਸ ਲਈ ਪੁਸ਼ਟੀਕਰਨ ਟੈਸਟ ਦੀ ਲੋੜ ਹੈ ਅਤੇ ਅੰਤਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਮੰਤਰਾਲੇ ਨੇ ਕਿਹਾ ਕਿ ਪੁਸ਼ਟੀਕਰਨ ਜਾਂਚ ਲਈ ਨਮੂਨੇ ਨਿਰਧਾਰਤ ਪ੍ਰਯੋਗਸ਼ਾਲਾ ਨੂੰ ਭੇਜ ਦਿੱਤੇ ਗਏ ਹਨ।

ਨਿਰਧਾਰਤ ਪ੍ਰਕਿਰਿਆ ਪੂਰੀ ਹੋਣ ਤੱਕ, ਡੀ ਜੀ ਸੀ ਏ ਵੱਲੋਂ ਫਲਾਈਟ ਦੇ ਦੋਵਾਂ ਅਮਲੇ ਦੇ ਮੈਂਬਰਾਂ ਨੂੰ ਰੋਸਟਰ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਦੋਂ ਕਿ ਅੱਗੇ ਦੀ ਕਾਰਵਾਈ ਜਾਂਚ ਦੇ ਨਤੀਜੇ ਅਤੇ ਪੁਸ਼ਟੀਕਰਨ ਟੈਸਟ ਦੇ ਨਤੀਜਿਆਂ ‘ਤੇ ਨਿਰਭਰ ਕਰੇਗੀ।

ਏਅਰ ਇੰਡੀਆ ਨੇ ਵੀ ਕਿਹਾ ਕਿ ਉਸਨੂੰ ਟੈਸਟ ਦੇ ਨਤੀਜੇ ਪ੍ਰਾਪਤ ਨਹੀਂ ਹੋਏ ਹਨ ਅਤੇ ਇਸ ਲਈ ਉਹ ਕਿਸੇ ਵੀ ਨਤੀਜੇ ‘ਤੇ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ।

ਇਸ ਘਟਨਾ ਨੂੰ ਰਸਮੀ ਤੌਰ ‘ਤੇ ਇੱਕ ਗੰਭੀਰ ਘਟਨਾ (Serious Incident) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।