Middle East Conflict: ਹਰਮੁਜ਼ ਜਲ ਮਾਰਗ ਵਿੱਚ ਇਰਾਨ ਵੱਲੋਂ ਯੂ ਏ ਈ ਦੇ ਜਹਾਜ਼ ’ਤੇ ਹਮਲਾ
ਯੂ ਏ ਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਬੂ ਧਾਬੀ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ ਏ ਡੀ ਐੱਨ ਓ ਸੀ ਦੀ ਮਲਕੀਅਤ ਵਾਲਾ ਇੱਕ ਜਹਾਜ਼ ਉਸ ਸਮੇਂ ਹਮਲੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਹਰਮੁਜ਼ ਜਲ ਮਾਰਗ ਵਿੱਚੋਂ ਲੰਘ ਰਿਹਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਪਾਰਕ ਸਮੁੰਦਰੀ ਆਵਾਜਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਰਾਨ ਨੇ ਇਸ ਉੱਤੇ ਮਿਜ਼ਾਈਲ ਦਾਗ਼ੀ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਨਿਚਰਵਾਰ ਤੜਕੇ ਹੋਏ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੰਪਨੀ ਮੁਤਾਬਕ ਫਰਵਰੀ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਜੰਗ ਸ਼ੁਰੂ ਕਰਨ ਤੋਂ ਬਾਅਦ ਇਸ ਜਲ ਮਾਰਗ ਵਿੱਚੋਂ ਲੰਘਣ ਵੇਲੇ ਉਨ੍ਹਾਂ ਦੇ ਇੱਕ ਦਰਜਨ ਤੋਂ ਵੱਧ ਜਹਾਜ਼ਾਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਜਿਸ ਵਿੱਚ ਇੱਕ ਕਰਿਊ ਮੈਂਬਰ ਦੀ ਮੌਤ ਹੋ ਚੁੱਕੀ ਹੈ ਅਤੇ 20 ਹੋਰ ਜ਼ਖਮੀ ਹੋਏ ਹਨ। ਹਾਲਾਂਕਿ ਏ ਡੀ ਐੱਨ ਓ ਸੀ ਨੇ ਹਮਲੇ ਦੀ ਸਹੀ ਜਗ੍ਹਾ ਜਾਂ ਨੁਕਸਾਨ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।
ਇਸ ਘਟਨਾ ਤੋਂ ਬਾਅਦ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨਜ਼ ਸੈਂਟਰ ਨੇ ਦੱਸਿਆ ਕਿ ਓਮਾਨ ਦੇ ਖਸਾਬ ਕਸਬੇ ਦੇ ਪੂਰਬ ਵਿੱਚ ਇੱਕ ਜਹਾਜ਼ ਨੂੰ ਪ੍ਰੋਜੈਕਟਾਈਲ ਨਾਲ ਮਾਰਿਆ ਗਿਆ ਸੀ, ਜਿਸ ਨਾਲ ਅੱਗ ਲੱਗ ਗਈ ਸੀ ਪਰ ਅੱਗ ਨੂੰ ਬੁਝਾ ਲਿਆ ਗਿਆ ਅਤੇ ਜਹਾਜ਼ ਤੇ ਅਮਲਾ ਸੁਰੱਖਿਅਤ ਹਨ। ਹਾਲਾਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਉਹੀ ਏ ਡੀ ਐੱਨ ਓ ਸੀ ਵਾਲੀ ਘਟਨਾ ਸੀ।