latest news World

Defence Agreement: ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਕਾਰ ਰੱਖਿਆ ਸਮਝੌਤਾ; ਇੱਕ ਦੇਸ਼ ‘ਤੇ ਹਮਲੇ ਨੂੰ ਤਿੰਨਾਂ ‘ਤੇ ਮੰਨਿਆ ਜਾਵੇਗਾ ਹਮਲਾ

Defence Agreement: ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਕਾਰ ਰੱਖਿਆ ਸਮਝੌਤਾ; ਇੱਕ ਦੇਸ਼ ‘ਤੇ ਹਮਲੇ ਨੂੰ ਤਿੰਨਾਂ ‘ਤੇ ਮੰਨਿਆ ਜਾਵੇਗਾ ਹਮਲਾ
  • PublishedAugust 7, 2026

ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ, ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਸ਼ੁੱਕਰਵਾਰ ਨੂੰ ਇੱਕ ਸਾਂਝੇ ਰੱਖਿਆ ਸਮਝੌਤੇ ‘ਤੇ ਦਸਤਖ਼ਤ ਕੀਤੇ, ਜਿਸ ਦੇ ਤਹਿਤ ਇਨ੍ਹਾਂ ਵਿੱਚੋਂ ਕਿਸੇ ਇੱਕ ਵੀ ਦੇਸ਼ ‘ਤੇ ਕੀਤੇ ਗਏ ਹਮਲੇ ਨੂੰ ਤਿੰਨਾਂ ਦੇਸ਼ਾਂ ‘ਤੇ ਹਮਲਾ ਮੰਨਿਆ ਜਾਵੇਗਾ।

ਇੱਕ ਸਾਂਝੇ ਬਿਆਨ ਦੇ ਅਨੁਸਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਬ ਅਰਦੋਆਂ ਨੇ ਮੱਕਾ ਦੇ ਅਲ-ਸਫ਼ਾ ਪੈਲੇਸ ਵਿੱਚ ਹੋਈ ਇੱਕ ਬੈਠਕ ਦੌਰਾਨ ‘ਮੱਕਾ ਸਾਂਝੇ ਰੱਖਿਆ ਸਮਝੌਤੇ’ ‘ਤੇ ਦਸਤਖ਼ਤ ਕੀਤੇ।

ਬਿਆਨ ਦੇ ਅਨੁਸਾਰ, ”ਇਹ ਵੀ ਤੈਅ ਕੀਤਾ ਗਿਆ ਕਿ ਤਿੰਨਾਂ ਦੇਸ਼ਾਂ ਵਿੱਚੋਂ ਕਿਸੇ ਇੱਕ ‘ਤੇ ਵੀ ਹੋਇਆ ਕੋਈ ਵੀ ਹਥਿਆਰਬੰਦ ਹਮਲਾ, ਉਨ੍ਹਾਂ ਸਾਰਿਆਂ ‘ਤੇ ਹਮਲਾ ਮੰਨਿਆ ਜਾਵੇਗਾ।”

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ”ਤਿੰਨਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਦੇ ਸਾਰੇ ਪਹਿਲੂਆਂ ਨੂੰ ਬਿਹਤਰ ਬਣਾਉਣ” ਦੀ ਗੱਲ ਵੀ ਸ਼ਾਮਲ ਹੈ।

ਬਿਆਨ ਮੁਤਾਬਕ ਇਹ ਸਮਝੌਤਾ ”ਇੱਕ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਦੀ ਦਿਸ਼ਾ ਵਿੱਚ ਆਪਣੀ ਸਮੂਹਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਖੇਤਰ ਤੇ ਉਸ ਤੋਂ ਬਾਹਰ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਤਿੰਨਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

ਇਹ ਸਮਝੌਤਾ ਪਾਕਿਸਤਾਨ (ਜੋ ਪਰਮਾਣੂ ਹਥਿਆਰਾਂ ਨਾਲ ਲੈਸ ਇਕੋ-ਇਕ ਮੁਸਲਮਾਨ ਦੇਸ਼ ਹੈ), ਸਾਊਦੀ ਅਰਬ (ਜੋ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨਾਂ ਦਾ ਕੇਂਦਰ ਅਤੇ ਦੁਨੀਆ ਦੇ ਪ੍ਰਮੁੱਖ ਤੇਲ ਬਰਾਮਦ ਵਿੱਚੋਂ ਇੱਕ ਹੈ) ਅਤੇ ਤੁਰਕੀ (ਜੋ ਨਾਟੋ ਦਾ ਮੈਂਬਰ ਹੈ) ਨੂੰ ਇੱਕਠੇ ਜੋੜਦਾ ਹੈ।