latest news Punjab

ਗੁਰਬਾਣੀ ਦੇ ਟੈਲੀਕਾਸਟ ‘ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ

ਗੁਰਬਾਣੀ ਦੇ ਟੈਲੀਕਾਸਟ ‘ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ
  • PublishedAugust 6, 2026

ਗੁਰਬਾਣੀ ਦੇ ਲਾਈਵ ਟੈਲੀਕਾਸਟ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਲਾਈਵ ਟੈਲੀਕਾਸਟ ਦੇ ਸਾਰੇ ਕਾਨੂੰਨੀ ਅਤੇ ਪ੍ਰਸਾਰਣ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਸੁਰੱਖਿਅਤ ਹਨ। ਕਿਸੇ ਵੀ ਚੈਨਲ ਜਾਂ ਸੰਸਥਾ ਵੱਲੋਂ ਬਿਨਾਂ ਲਿਖਤੀ ਮਨਜ਼ੂਰੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨਾ ਕਾਨੂੰਨੀ ਤੌਰ ‘ਤੇ ਜਾਇਜ਼ ਨਹੀਂ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇੱਕ ਨਿੱਜੀ ਚੈਨਲ ਵੱਲੋਂ ਸਿਰਫ਼ ਇੱਕ ਪੱਤਰ ਭੇਜ ਕੇ ਆਪਣੇ ਤੌਰ ‘ਤੇ ਗੁਰਬਾਣੀ ਦਾ ਲਾਈਵ ਟੈਲੀਕਾਸਟ ਸ਼ੁਰੂ ਕਰਨਾ ਹੈਰਾਨੀਜਨਕ ਅਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਚੈਨਲ ਨੂੰ ਨਾ ਕੋਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਵੱਲੋਂ ਇਸ ਸਬੰਧੀ ਕੋਈ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਇੱਕ ਕਾਨੂੰਨੀ ਐਕਟ ਅਧੀਨ ਚੱਲਣ ਵਾਲੀ ਸੰਸਥਾ ਹੈ ਅਤੇ ਇਸ ਦੇ ਸਾਰੇ ਫ਼ੈਸਲੇ ਨਿਯਮਾਂ ਅਤੇ ਕਾਰਜਕਾਰਨੀ ਦੀ ਮਨਜ਼ੂਰੀ ਨਾਲ ਹੀ ਲਾਗੂ ਕੀਤੇ ਜਾਂਦੇ ਹਨ।

ਧਾਮੀ ਨੇ ਕਿਹਾ ਕਿ ਪੀਟੀਸੀ ਨਾਲ ਹੋਇਆ ਪਹਿਲਾਂ ਦਾ ਸਮਝੌਤਾ ਸਮਾਪਤ ਹੋ ਚੁੱਕਾ ਹੈ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧਾਂ ਰਾਹੀਂ ਗੁਰਬਾਣੀ ਦੇ ਪ੍ਰਸਾਰਣ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹਰ ਮਹੀਨੇ ਲਗਭਗ 12 ਲੱਖ ਰੁਪਏ ਦਾ ਖਰਚ ਆਉਂਦਾ ਸੀ, ਜਦਕਿ ਹੁਣ ਇਹ ਰਕਮ ਬਚ ਰਹੀ ਹੈ ਅਤੇ ਹਰ ਸਾਲ ਕਰੀਬ 1 ਕਰੋੜ 44 ਲੱਖ ਰੁਪਏ ਗੁਰੂ ਘਰ ਦੀ ਸੇਵਾ, ਧਾਰਮਿਕ ਕਾਰਜਾਂ ਅਤੇ ਹੋਰ ਲੋਕ-ਭਲਾਈ ਦੇ ਕੰਮਾਂ ਲਈ ਉਪਲਬਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਪਹਿਲਾਂ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕਰ ਚੁੱਕੀ ਹੈ ਕਿ ਗੁਰਬਾਣੀ ਦੇ ਲਾਈਵ ਟੈਲੀਕਾਸਟ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ। ਇਸ ਲਈ ਕਿਸੇ ਵੀ ਚੈਨਲ ਵੱਲੋਂ ਆਪਣੇ ਆਪ ਨੂੰ ਅਧਿਕਾਰਤ ਦੱਸਣਾ ਜਾਂ ਬਿਨਾਂ ਪ੍ਰਵਾਨਗੀ ਪ੍ਰਸਾਰਣ ਕਰਨਾ ਅਦਾਲਤੀ ਫ਼ੈਸਲੇ ਦੀ ਭਾਵਨਾ ਦੇ ਵੀ ਉਲਟ ਹੈ।