India latest news

Assam Floods: ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਕੇ 1.78 ਲੱਖ ਹੋਈ, ਮ੍ਰਿਤਕਾਂ ਦੀ ਗਿਣਤੀ 82 ’ਤੇ ਸਥਿਰ

Assam Floods: ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਕੇ 1.78 ਲੱਖ ਹੋਈ, ਮ੍ਰਿਤਕਾਂ ਦੀ ਗਿਣਤੀ 82 ’ਤੇ ਸਥਿਰ
  • PublishedAugust 2, 2026

ਅਸਾਮ ਵਿੱਚ ਹੜ੍ਹ ਦੀ ਸਥਿਤੀ ਵਿੱਚ ਥੋੜ੍ਹਾ ਸੁਧਾਰ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਕੇ 1.78 ਲੱਖ ਰਹਿ ਗਈ ਹੈ, ਹਾਲਾਂਕਿ ਇਸ ਦੀ ਲਪੇਟ ਵਿੱਚ ਆਉਣ ਵਾਲੇ ਜ਼ਿਲ੍ਹਿਆਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ।

ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ASDMA) ਦੁਆਰਾ ਜਾਰੀ ਬੁਲੇਟਿਨ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਹੜ੍ਹ ਕਾਰਨ ਕੋਈ ਨਵੀਂ ਮੌਤ ਨਹੀਂ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 82 ’ਤੇ ਹੀ ਸਥਿਰ ਹੈ। ਹਾਲਾਂਕਿ, ਦਿਖੋਅ (Dikhow) ਨਦੀ ਸ਼ਿਵਸਾਗਰ ਵਿੱਚ ਅਤੇ ਧਨਸਿਰੀ (Dhansiri) ਨਦੀ ਨੁਮਾਲੀਗੜ੍ਹ (ਗੋਲਾਘਾਟ) ਵਿੱਚ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

ਰਿਪੋਰਟ ਮੁਤਾਬਕ ਗੋਲਾਘਾਟ, ਸ਼ਿਵਸਾਗਰ, ਚਰਾਈਦੇਓ, ਬਜਾਲੀ, ਧੇਮਾਜੀ, ਸੋਨਿਤਪੁਰ ਅਤੇ ਜੋਰਹਾਟ ਜ਼ਿਲ੍ਹਿਆਂ ਦੇ ਕੁੱਲ 349 ਪਿੰਡ ਅਜੇ ਵੀ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਹਨ। ਇਨ੍ਹਾਂ ਵਿੱਚੋਂ ਚਰਾਈਦੇਓ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ 75,199 ਲੋਕ ਪ੍ਰਭਾਵਿਤ ਹਨ, ਜਦਕਿ ਸ਼ਿਵਸਾਗਰ ਵਿੱਚ 58,824 ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਇਸ ਤੋਂ ਪਹਿਲਾਂ ਪੰਜ ਜ਼ਿਲ੍ਹਿਆਂ ਵਿੱਚ ਪ੍ਰਭਾਵਿਤਾਂ ਦੀ ਗਿਣਤੀ 1.92 ਲੱਖ ਸੀ।

ਪ੍ਰਸ਼ਾਸਨ ਵੱਲੋਂ ਸੂਬੇ ਵਿੱਚ 44 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਲਗਭਗ 15,000 ਬੇਘਰ ਹੋਏ ਲੋਕਾਂ ਨੂੰ ਸ਼ਰਨ ਦਿੱਤੀ ਗਈ ਹੈ। ਇਸ ਤੋਂ ਇਲਾਵਾ 17 ਰਾਹਤ ਵੰਡ ਕੇਂਦਰ ਵੀ ਕੰਮ ਕਰ ਰਹੇ ਹਨ, ਜੋ 5,569 ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ।