Broad Peak Tragedy: ਉੱਘੇ ਪਰਬਤਾਰੋਹੀ ਨਿਰਮਲ ਪੁਰਜਾ ਦੀ ਮ੍ਰਿਤਕ ਦੇਹ ਤਿੰਨ ਦਿਨਾਂ ਬਾਅਦ ਮਿਲੀ
Nims Purja Death: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਟ-ਬਾਲਤਿਸਤਾਨ ਵਿੱਚ ਸਥਿਤ ਬਰੌਡ ਪੀਕ ਪਹਾੜ ਉੱਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਉੱਘੇ ਨੇਪਾਲੀ-ਬ੍ਰਿਟਿਸ਼ ਪਰਬਤਾਰੋਹੀ ਨਿਰਮਲ ਪੁਰਜਾ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਤਿੰਨ ਦਿਨ ਬਾਅਦ ਐਤਵਾਰ ਨੂੰ ਉਸ ਦੀ ਮ੍ਰਿਤਕ ਦੇਹ ਮਿਲ ਗਈ ਹੈ।
ਅਲਪਾਈਨ ਕਲੱਬ ਆਫ਼ ਪਾਕਿਸਤਾਨ (ਏ.ਸੀ.ਪੀ.) ਨੇ ਜਾਣਕਾਰੀ ਦਿੱਤੀ ਹੈ ਕਿ 43 ਸਾਲਾ ਇਸ ਪਰਬਤਾਰੋਹੀ ਦੀ ਦੇਹ ਲਗਪਗ 5,700 ਮੀਟਰ ਦੀ ਉਚਾਈ ਤੋਂ ਮਿਲੀ ਹੈ। ਇਸ ਹਾਦਸੇ ਵਿੱਚ ਹੁਣ ਤੱਕ ਕੁੱਲ ਪੰਜ ਪਰਬਤਾਰੋਹੀਆਂ ਦੀਆਂ ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਅਤੇ ਬਾਕੀ ਪੰਜ ਲਾਪਤਾ ਲੋਕਾਂ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਏ.ਸੀ.ਪੀ. ਮੁਤਾਬਕ ਜ਼ਮੀਨੀ ਬਚਾਅ ਟੀਮ ਬਰੌਡ ਪੀਕ ਉੱਤੇ ‘ਨਿਮਸ ਦਾਈ’ ਦੇ ਕਰੀਬ ਪਹੁੰਚ ਚੁੱਕੀ ਹੈ, ਜਿੱਥੇ ਤਿੰਨ ਹੋਰ ਲਾਸ਼ਾਂ ਵੀ ਦੇਖੀਆਂ ਗਈਆਂ ਹਨ ਪਰ ਫਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਖਰਾਬ ਮੌਸਮ ਅਤੇ ਔਖੇ ਇਲਾਕੇ ਕਾਰਨ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ ਜਾ ਸਕੀ, ਜਿਸ ਕਾਰਨ ਬਚਾਅ ਟੀਮਾਂ ਨੂੰ ਪੈਦਲ ਹੀ ਬਹੁਤ ਮੁਸ਼ਕਲਾਂ ਹਾਲਾਤ ਵਿਚ ਭਾਲ ਕਰਨੀ ਪਈ।
ਇਹ ਹਾਦਸਾ ਵੀਰਵਾਰ ਨੂੰ ਕੇ-2 ਦੇ ਨੇੜੇ ਕਾਰਾਕੋਰਮ ਲੜੀ ਵਿੱਚ ਮੌਜੂਦ ਬਰੌਡ ਪੀਕ ਉੱਤੇ ਵਾਪਰਿਆ ਸੀ, ਜਿੱਥੇ ਬਰਫ਼ ਦੇ ਤੋਦੇ ਡਿੱਗਣ ਕਾਰਨ ਨਿਰਮਲ ਪੁਰਜਾ ਸਮੇਤ ਕਈ ਹੋਰ ਪਰਬਤਾਰੋਹੀ ਇਸ ਦੀ ਲਪੇਟ ਵਿੱਚ ਆ ਗਏ ਸਨ। ਇਸ ਸਮੂਹ ਵਿੱਚ ਨੇਪਾਲ ਦੇ ਪੰਜ, ਇੱਕ ਪਾਕਿਸਤਾਨੀ, ਇੱਕ ਓਮਾਨੀ, ਇੱਕ ਅਮਰੀਕੀ ਅਤੇ ਇੱਕ ਚੀਨੀ ਪਰਬਤਾਰੋਹੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਬਰੌਡ ਪੀਕ ਦੁਨੀਆ ਦੀ 12ਵੀਂ ਸਭ ਤੋਂ ਉੱਚੀ ਚੋਟੀ ਹੈ ਅਤੇ ਇਸ ਉੱਤੇ ਚੜ੍ਹਾਈ ਕਰਨਾ ਸਭ ਤੋਂ ਖਤਰਨਾਕ ਅਤੇ ਔਖਾ ਮੰਨਿਆ ਜਾਂਦਾ ਹੈ। ਪੁਰਜਾ ਦੀ ਆਪਣੀ ਪਰਬਤਾਰੋਹਣ ਕੰਪਨੀ ‘ਏਲੀਟ ਐਕਸਪੈਡ’ ਨੇ ਸ਼ਨਿਚਰਵਾਰ ਨੂੰ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਸਮੂਹ ਦੇ ਸਾਰੇ ਮੈਂਬਰ ਇਸ ਹਾਦਸੇ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।