India latest news Punjab

Maavan Dheeyan Satkar Yojna: ਪੰਜਾਬ ਸਰਕਾਰ ਨੇ 35.5 ਲੱਖ ਔਰਤਾਂ ਦੇ ਖਾਤਿਆਂ ‘ਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਪਾਈ

Maavan Dheeyan Satkar Yojna: ਪੰਜਾਬ ਸਰਕਾਰ ਨੇ 35.5 ਲੱਖ ਔਰਤਾਂ ਦੇ ਖਾਤਿਆਂ ‘ਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਪਾਈ
  • PublishedAugust 1, 2026

ਪੰਜਾਬ ਸਰਕਾਰ ਨੇ ਅੱਜ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 35.5 ਲੱਖ ਔਰਤਾਂ ਦੇ ਖਾਤਿਆਂ ਵਿੱਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਤਬਦੀਲ ਕੀਤੀ, ਜਿਸ ਨਾਲ ਹੁਣ ਤੱਕ ਲਾਭਪਾਤਰੀਆਂ ਦੀ ਕੁੱਲ ਗਿਣਤੀ 68.5 ਲੱਖ ਹੋ ਗਈ ਹੈ।

ਪਠਾਨਕੋਟ ਵਿਖੇ ਇਸ ਯੋਜਨਾ ਤਹਿਤ ਕਰਵਾਏ ਗਏ ਵਿੱਤੀ ਸਹਾਇਤਾ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਔਰਤਾਂ ਨੂੰ ਇਸ ਯੋਜਨਾ ਤਹਿਤ 3,000 ਰੁਪਏ ਅਤੇ 4,500 ਰੁਪਏ ਦੇ ਰੂਪ ਵਿੱਚ ਤਿੰਨ ਮਹੀਨਿਆਂ ਦੀਆਂ ਇਕੱਠੀਆਂ ਕਿਸ਼ਤਾਂ ਮਿਲ ਰਹੀਆਂ ਹਨ, ਜਦੋਂ ਕਿ ਵਿਧਵਾ, ਦਿਵਿਆਂਗ ਅਤੇ ਬੁਢਾਪਾ ਪੈਨਸ਼ਨ ਲੈਣ ਵਾਲੀਆਂ ਔਰਤਾਂ ਨੂੰ ਸੂਬੇ ਵਿੱਚ ਪਹਿਲੀ ਵਾਰ ਵੱਖਰੇ ਤੌਰ ‘ਤੇ 1,000 ਜਾਂ 1,500 ਰੁਪਏ ਦੀ ਇਹ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਦੌਰਾਨ ਹੋਰ 5 ਲੱਖ ਔਰਤਾਂ ਨੇ ਇਸ ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਈ ਹੈ, ਜਿਸ ਨਾਲ ਕੁੱਲ ਰਜਿਸਟਰੇਸ਼ਨਾਂ 73.5 ਲੱਖ ਹੋ ਗਈਆਂ ਹਨ ਅਤੇ ਸੂਬੇ ਭਰ ਵਿੱਚ ਯੋਗ ਲਾਭਪਾਤਰੀਆਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਅਜੇ ਵੀ ਜਾਰੀ ਹੈ।

ਇਕੱਠ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਲਈ ਅਸੀਂ ਅੱਜ ਇੱਕ ਹੋਰ ਅਹਿਮ ਵਾਅਦਾ ਪੂਰਾ ਕਰ ਦਿੱਤਾ ਹੈ। 1 ਜੁਲਾਈ ਨੂੰ 33 ਲੱਖ ਔਰਤਾਂ ਨੂੰ ਮਾਣਭੱਤਾ ਤਬਦੀਲ ਕਰਨ ਤੋਂ ਬਾਅਦ ਅਸੀਂ ਅੱਜ ਹੋਰ 35.5 ਲੱਖ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਹਨ।  ਜਿਨ੍ਹਾਂ ਭੈਣਾਂ ਨੇ ਬਾਅਦ ਵਿੱਚ ਫਾਰਮ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਵੀ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਇਕੱਠੀਆਂ ਮਿਲਣਗੀਆਂ।”

ਮੁੱਖ ਮੰਤਰੀ ਨੇ ਸਮਾਰੋਹ ਤੋਂ ਪਹਿਲਾਂ ਦੇ ਪਲਾਂ ਨੂੰ ਯਾਦ ਕਰਦਿਆਂ ਕਿਹਾ, “ਇੱਥੇ ਆਉਂਦੇ ਸਮੇਂ ਇੱਕ ਭੈਣ ਨੇ ਮੈਨੂੰ ਰੱਖੜੀ ਬੰੰਨ੍ਹੀ ਅਤੇ ਕਿਹਾ ਕਿ ਮੇਰਾ ਵੀਰ ਅੱਜ ਮੈਨੂੰ ਸ਼ਗਨ ਦੇਵੇਗਾ। ਸਾਡੀ ਪਾਰਟੀ ਦੇ ਸਾਰੇ ਆਗੂ ਆਮ ਲੋਕ ਸਨ, ਪਰ ਸੂਬੇ ਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ।” ਉਨ੍ਹਾਂ ਕਿਹਾ ਕਿ ਇੱਥੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਅਤੇ ਉੱਥੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਵੀ ਹੋ ਚੁੱਕੇ ਹੋਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੈਸੇ ਟਰਾਂਸਫਰ ਕਰਨ ਸਬੰਧੀ ਨੋਟੀਫਿਕੇਸ਼ਨ ਲਾਭਪਾਤਰੀਆਂ ਨੂੰ ਪਹਿਲਾਂ ਹੀ ਉਨ੍ਹਾਂ ਦੇ ਮੋਬਾਈਲ ਫੋਨਾਂ ‘ਤੇ ਪ੍ਰਾਪਤ ਹੋ ਰਹੇ ਸਨ।