India latest news

Delhi Metro Reopens: ਦਿੱਲੀ ਮੈਟਰੋ ਦੇ ਸਾਰੇ 18 ਸਟੇਸ਼ਨ ਚਾਰ ਦਿਨਾਂ ਬਾਅਦ ਮੁੜ ਖੁੱਲ੍ਹੇ

Delhi Metro Reopens: ਦਿੱਲੀ ਮੈਟਰੋ ਦੇ ਸਾਰੇ 18 ਸਟੇਸ਼ਨ ਚਾਰ ਦਿਨਾਂ ਬਾਅਦ ਮੁੜ ਖੁੱਲ੍ਹੇ
  • PublishedJuly 25, 2026

ਜੰਤਰ ਮੰਤਰ ’ਤੇ ਪ੍ਰਦਰਸ਼ਨ ਸਮਾਪਤ ਹੋਣ ਤੋਂ ਬਾਅਦ ਕੇਂਦਰੀ ਦਿੱਲੀ ਦੇ ਸਾਰੇ 18 ਮੈਟਰੋ ਸਟੇਸ਼ਨ ਖੋਲ੍ਹ ਦਿੱਤੇ ਗਏ ਹਨ। ਇਹ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤੇ ਗਏ ਸਨ।

ਜਾਣਕਾਰੀ ਅਨੁਸਾਰ ਕੌਕਰੇਚ ਜਨਤਾ ਪਾਰਟੀ (CJP) ਵੱਲੋਂ ਅੱਜ ਸ਼ਾਮ ਵੇਲੇ ਆਪਣਾ ਪ੍ਰਦਰਸ਼ਨ ਵਾਪਸ ਲੈਣ ਤੋਂ ਬਾਅਦ ਇਹ ਮੈਟਰੋ ਸਟੇਸ਼ਨ ਮੁੜ ਖੋਲ੍ਹ ਦਿੱਤੇ ਗਏ ਹਨ। ਇਸ ਨਾਲ ਚਾਰ ਦਿਨਾਂ ਤੋਂ ਲੱਗੀਆਂ ਪਾਬੰਦੀਆਂ ਵੀ ਖ਼ਤਮ ਹੋ ਗਈਆਂ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ X ‘ਤੇ ਇੱਕ ਪੋਸਟ ਰਾਹੀਂ ਐਲਾਨ ਕੀਤਾ ਕਿ ਹੁਣ ਸਾਰੇ ਮੈਟਰੋ ਸਟੇਸ਼ਨ ਖੁੱਲ੍ਹੇ ਹਨ ਅਤੇ ਲੋਕਾਂ ਦਾ ਆਉਣਾ-ਜਾਣਾ ਆਮ ਵਾਂਗ ਸ਼ੁਰੂ ਹੋ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੀਜੇਪੀ (CJP) ਨੇ ਆਪਣਾ ਪ੍ਰਦਰਸ਼ਨ ਵਾਪਸ ਲੈਣ ਦਾ ਐਲਾਨ ਕੀਤਾ, ਜਿਸ ਮਗਰੋਂ ਪ੍ਰਦਰਸ਼ਨਕਾਰੀ ਜੰਤਰ-ਮੰਤਰ ਇਲਾਕੇ ਤੋਂ ਵਾਪਸ ਜਾਣਾ ਸ਼ੁਰੂ ਹੋ ਗਏ।

ਪਿਛਲੇ ਚਾਰ ਦਿਨਾਂ ਤੋਂ ਬੰਦ ਰਹਿਣ ਵਾਲੇ ਸਟੇਸ਼ਨਾਂ ਵਿੱਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਭਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ (ITO), ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ, ਸ਼ਿਵਾਜੀ ਸਟੇਡੀਅਮ, ਝੰਡੇਵਾਲਾਨ ਅਤੇ ਨਵੀਂ ਦਿੱਲੀ ਸ਼ਾਮਲ ਸਨ। ਪਿਛਲੇ ਕੁਝ ਦਿਨਾਂ ਤੋਂ ਜੰਤਰ-ਮੰਤਰ ਨੇੜੇ ਸੀਜੇਪੀ ਦੇ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਕਾਰਨ ਕੇਂਦਰੀ ਦਿੱਲੀ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਇਹ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ।

ਸੀਜੇਪੀ 20 ਜੂਨ ਤੋਂ ਜੰਤਰ-ਮੰਤਰ ‘ਤੇ ਧਰਨਾ ਦੇ ਰਹੀ ਸੀ, ਜਿਸ ਵਿੱਚ ਨੀਟ-ਯੂਜੀ (NEET-UG) 2026 ਪੇਪਰ ਲੀਕ ਅਤੇ ਸੀਬੀਐਸਈ (CBSE) ਦੀ ਆਨ-ਸਕਰੀਨ ਮਾਰਕਿੰਗ ਪ੍ਰਕਿਰਿਆ ਵਿੱਚ ਹੋਈਆਂ ਬੇਨਿਯਮੀਆਂ ਬਾਰੇ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਉਹ ਪ੍ਰੀਖਿਆਵਾਂ ਕਰਵਾਉਣ ਦੇ ਤਰੀਕੇ ਵਿੱਚ ਵੱਡੇ ਸੁਧਾਰਾਂ ਦੀ ਮੰਗ ਵੀ ਕਰ ਰਹੇ ਸਨ। ਨੀਟ ਮੁੱਦੇ ‘ਤੇ ਆਪਣੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵੱਧ ਰਹੇ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਧਰਮੇਂਦਰ ਪ੍ਰਧਾਨ ਨੇ ਅੱਜ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਕੋਈ “ਨਿੱਜੀ ਵੱਕਾਰ” ਦਾ ਮਸਲਾ ਨਹੀਂ ਹੈ ਅਤੇ ਉਹ ਦੇਸ਼ ਵਿਰੋਧੀ ਤਾਕਤਾਂ ਨੂੰ ਜੰਤਰ-ਮੰਤਰ ਅਤੇ ਪੂਰੇ ਦੇਸ਼ ਵਿੱਚ ਇਸ ਸਥਿਤੀ ਦਾ ਫਾਇਦਾ ਚੁੱਕਣ ਤੋਂ ਰੋਕਣਾ ਚਾਹੁੰਦੇ ਸਨ।