India latest news

Dharmendra Pradhan Resigns: ਵਿਦਿਆਰਥੀ ਅੰਦੋਲਨ ਦੀ ਜਿੱਤ; ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

Dharmendra Pradhan Resigns: ਵਿਦਿਆਰਥੀ ਅੰਦੋਲਨ ਦੀ ਜਿੱਤ; ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ
  • PublishedJuly 25, 2026

ਦੇਸ਼ ਵਿੱਚ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਨੂੰ ਲੈ ਕੇ ਵਧ ਰਹੇ ਵਿਰੋਧ ਅਤੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਅੱਗੇ ਝੁਕਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਪੱਤਰ ਸਾਂਝਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਭੇਜਣ ਦੀ ਜਾਣਕਾਰੀ ਦਿੱਤੀ।

ਐਕਸ ’ਤੇ ਪੋਸਟ ਕੀਤੇ ਆਪਣੇ ਪੱਤਰ ’ਚ ਪ੍ਰਧਾਨ ਨੇ ਲਿਖਿਆ, “ਜੰਤਰ-ਮੰਤਰ ਅਤੇ ਦੇਸ਼ ’ਚ ਜੋ ਸਥਿਤੀ ਬਣੀ ਹੋਈ ਹੈ, ਉਸ ਦਾ ਕੋਈ ਦੇਸ਼ ਵਿਰੋਧੀ ਤਾਕਤ ਫ਼ਾਇਦਾ ਨਾ ਚੁੱਕ ਸਕੇ, ਦੇਸ਼ ਦੀ ਅਖੰਡਤਾ ਬਣੀ ਰਹੇ ਅਤੇ ਭਾਰਤ ਦੇ ਇੱਕ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਉਲਝਣਾਂ ‘ਚ ਨਾ ਫਸੇ, ਸਾਡੇ ਬੱਚੇ ਆਪਣਾ ਸਮਾਂ ਪੜ੍ਹਾਈ ’ਚ ਲਗਾਉਣ ਅਤੇ ਕਰੀਅਰ ਬਣਾਉਣ ’ਤੇ ਧਿਆਨ ਦੇਣ-ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਮੈਂ ਅਹੁਦੇ ਤੋਂ ਅਸਤੀਫ਼ਾ ਪ੍ਰਧਾਨ ਮੰਤਰੀ ਜੀ ਨੂੰ ਭੇਜ ਦਿੱਤਾ ਹੈ।”

ਉਨ੍ਹਾਂ ਦੱਸਿਆ ਕਿ 3 ਮਈ ਨੂੰ ਹੋਈ NEET-UG ਪ੍ਰੀਖਿਆ ਵਿੱਚ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਪ੍ਰੀਖਿਆ ਰੱਦ ਕਰਕੇ ਜਾਂਚ CBI ਹਵਾਲੇ ਕੀਤੀ ਸੀ। ਇਸ ਤੋਂ ਇਲਾਵਾ ਪ੍ਰੀਖਿਆ ਦੁਬਾਰਾ ਕਰਵਾਉਣ ਦੇ ਨਾਲ-ਨਾਲ ਸਾਲ 2027 ਤੋਂ ਪ੍ਰੀਖਿਆ ਨੂੰ CBT (ਕੰਪਿਊਟਰ-ਬੇਸਡ ਟੈਸਟ) ਮੋਡ ’ਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ।

ਧਰਮੇਂਦਰ ਪ੍ਰਧਾਨ ਨੇ ਕਿਹਾ, “ਇਸ ਪੂਰੇ ਦੌਰ ਦੌਰਾਨ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ 20 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨਾ ਸੀ। ਕੇਂਦਰ ਤੇ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 21 ਜੂਨ, 2026 ਨੂੰ ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹਾਈ ਗਈ।”

ਆਪਣੇ ਬਚਾਅ ’ਚ ਉਨ੍ਹਾਂ ਕਿਹਾ, “ਮੈਂ ਕਦੇ ਵੀ ਇਸ ਸਥਿਤੀ ਤੋਂ ਪਿੱਛੇ ਨਹੀਂ ਹਟਿਆ। ਮੇਰਾ ਸੰਕਲਪ ਸੀ ਕਿ ਕਿਸੇ ਵੀ ਯੋਗ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ। 16 ਜੁਲਾਈ ਨੂੰ ਐਲਾਨੇ NEET-UG ਦੇ ਨਤੀਜੇ ਤਸੱਲੀਬਖ਼ਸ਼ ਰਹੇ, ਜਿਨ੍ਹਾਂ ’ਚ ਗ਼ਰੀਬ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਨੇ ਵੀ ਸਫ਼ਲਤਾ ਹਾਸਲ ਕੀਤੀ।”