latest news World

Imran Khan health: ਇਮਰਾਨ ਖ਼ਾਨ ਦੇ ਬੇਟੇ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਮਦਦ; ਕਿਹਾ- ਪਿਤਾ ਦੀ ਤਬੀਅਤ ਬੇਹੱਦ ਖ਼ਰਾਬ, ਤੁਰੰਤ ਡਾਕਟਰੀ ਇਲਾਜ ਦੀ ਲੋੜ

Imran Khan health: ਇਮਰਾਨ ਖ਼ਾਨ ਦੇ ਬੇਟੇ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਮਦਦ; ਕਿਹਾ- ਪਿਤਾ ਦੀ ਤਬੀਅਤ ਬੇਹੱਦ ਖ਼ਰਾਬ, ਤੁਰੰਤ ਡਾਕਟਰੀ ਇਲਾਜ ਦੀ ਲੋੜ
  • PublishedJuly 24, 2026

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬੇਟੇ ਨੇ ਕੌਮਾਂਤਰੀ ਭਾਈਚਾਰੇ ਨੂੰ ਇਸ ਮਾਮਲੇ ’ਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਲਗਭਗ 1,100 ਦਿਨਾਂ ਤੋਂ ਜੇਲ੍ਹ ‘ਚ ਬੰਦ ਉਨ੍ਹਾਂ ਦੇ 73 ਸਾਲਾ ਪਿਤਾ ਦੀ ਤਬੀਅਤ ਬੇਹੱਦ ਚਿੰਤਾਜਨਕ ਹੈ ਅਤੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੈ।

ਸਾਬਕਾ ਕੌਮਾਂਤਰੀ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖ਼ਾਨ ਨੂੰ 5 ਅਗਸਤ 2023 ਨੂੰ ਤੋਸ਼ਾਖਾਨਾ (ਸਰਕਾਰੀ ਖਜ਼ਾਨਾ) ਮਾਮਲੇ ’ਚ ਇਸਲਾਮਾਬਾਦ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ’ਤੇ ਕਈ ਹੋਰ ਕੇਸ ਦਰਜ ਕੀਤੇ ਗਏ, ਜਿਸ ਕਾਰਨ ਉਹ ਲਗਾਤਾਰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਇਕਾਂਤਵਾਸ (Solitary confinement) ’ਚ ਬੰਦ ਹਨ।

ਬ੍ਰਿਟੇਨ ’ਚ ਰਹਿ ਰਹੇ ਇਮਰਾਨ ਖ਼ਾਨ ਦੇ 26 ਸਾਲਾ ਬੇਟੇ ਕਾਸਿਮ ਖ਼ਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, “ਮੇਰੇ ਪਿਤਾ ਇਮਰਾਨ ਖ਼ਾਨ ਨੂੰ ਜੇਲ੍ਹ ’ਚ ਬੰਦ ਹੋਇਆਂ ਲਗਭਗ 1,100 ਦਿਨ ਹੋ ਚੁੱਕੇ ਹਨ। ਮੈਂ ਅਤੇ ਮੇਰੇ ਭਰਾ (ਸੁਲੇਮਾਨ ਖ਼ਾਨ, 29) ਨੇ ਮਾਰਚ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਤੱਕ ਨਹੀਂ ਸੁਣੀ। ਮਹੀਨਿਆਂ ਤੋਂ ਸਾਡਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕਰਵਾਇਆ ਗਿਆ।”

ਕਾਸਿਮ ਨੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਅੱਖਾਂ ਦੀ ਰੋਸ਼ਨੀ ਲਗਾਤਾਰ ਘਟ ਰਹੀ ਹੈ ਅਤੇ ਉਨ੍ਹਾਂ ਨੂੰ ਯੋਗ ਇਲਾਜ ਮਿਲ ਰਿਹਾ ਹੈ ਜਾਂ ਨਹੀਂ, ਇਸ ਬਾਰੇ ਪਰਿਵਾਰ ਨੂੰ ਬਿਲਕੁਲ ਅੰਧਕਾਰ ’ਚ ਰੱਖਿਆ ਜਾ ਰਿਹਾ ਹੈ। ਪਰਿਵਾਰਕ ਜਾਂ ਕਾਨੂੰਨੀ ਪਹੁੰਚ ਨਾ ਹੋਣ ਕਾਰਨ ਉਨ੍ਹਾਂ ਨੂੰ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਰਹੀ। ਜ਼ਿਕਰਯੋਗ ਹੈ ਕਿ ਦਸੰਬਰ 2025 ’ਚ ਇਮਰਾਨ ਖ਼ਾਨ ਵੱਲੋਂ ਆਪਣੀ ਭੈਣ ਨਾਲ ਮੁਲਾਕਾਤ ਦੌਰਾਨ ਫੀਲਡ ਮਾਰਸ਼ਲ ਜਨਰਲ ਅਸੀਮ ਮੁਨੀਰ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੁਲਾਕਾਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

ਪਾਕਿਸਤਾਨ ਦੀ ਫ਼ੌਜ ਦੀ ਹਮਾਇਤ ਵਾਲੀ ਸਰਕਾਰ ‘ਤੇ ਵਰ੍ਹਦਿਆਂ ਕਾਸਿਮ ਨੇ ਕਿਹਾ, “ਇਹ ਸਿਰਫ਼ ਇੱਕ ਪਿਤਾ ਦਾ ਮੁੱਦਾ ਨਹੀਂ ਹੈ, ਸਗੋਂ ਇਹ ਪਾਕਿਸਤਾਨ ਅਤੇ ਇਸ ਦੇ ਭਵਿੱਖ ਦਾ ਸਵਾਲ ਹੈ। ਇੱਕ ਗੈਰ-ਲੋਕਤੰਤਰੀ ਸ਼ਾਸਨ ਵਿਰੋਧੀ ਧਿਰ ਨੂੰ ਕੁਚਲ ਰਿਹਾ ਹੈ ਅਤੇ ਲੱਖਾਂ ਪਾਕਿਸਤਾਨੀਆਂ ਤੋਂ ਉਨ੍ਹਾਂ ਦੇ ਚੁਣੇ ਹੋਏ ਆਗੂਆਂ ਨੂੰ ਚੁਣਨ ਦਾ ਹੱਕ ਖੋਹ ਰਿਹਾ ਹੈ।”

ਇਸ ਤੋਂ ਪਹਿਲਾਂ ਫਰਵਰੀ ‘ਚ ਹਿਰਾਸਤ ਦੌਰਾਨ ਖੂਨ ਦਾ ਥੱਕਾ (Blood clot) ਜੰਮਣ ਦੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇਮਰਾਨ ਖ਼ਾਨ ਦੀ ਸੱਜੀ ਅੱਖ ਦੀ ਰੋਸ਼ਨੀ ਲਗਭਗ 85 ਪ੍ਰਤੀਸ਼ਤ ਘਟ ਗਈ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੀ ਸੁਪ੍ਰੀਮ ਕੋਰਟ ਦੇ ਹੁਕਮਾਂ ‘ਤੇ ਇੱਕ ਮੈਡੀਕਲ ਬੋਰਡ ਗਠਿਤ ਕੀਤਾ ਗਿਆ ਸੀ। ਫਰਵਰੀ ‘ਚ ਹੀ ਦੁਨੀਆ ਭਰ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਨੇ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਇਮਰਾਨ ਖ਼ਾਨ ਨਾਲ ਨਿਰਪੱਖ ਵਿਵਹਾਰ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਪਾਕਿਸਤਾਨ ਸਰਕਾਰ ਦਾ ਦਾਅਵਾ ਹੈ ਕਿ ਇਮਰਾਨ ਖ਼ਾਨ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।