India latest news

CJP Protest: Delhi Metro ਵੱਲੋਂ 16 ਸਟੇਸ਼ਨ ਬੰਦ

CJP Protest: Delhi Metro ਵੱਲੋਂ 16 ਸਟੇਸ਼ਨ ਬੰਦ
  • PublishedJuly 23, 2026

ਦਿੱਲੀ ਵਿੱਚ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਾਂ ਦਰਮਿਆਨ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਿੱਲੀ ਮੈਟਰੋ ਰੇਲ ਨਿਗਮ (ਡੀ ਐੱਮ ਆਰ ਸੀ) ਨੇ 16 ਮੈਟਰੋ ਸਟੇਸ਼ਨਾਂ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ। ਹਾਲਾਂਕਿ ਦੇਰ ਸ਼ਾਮ ਦਿੱਲੀ ਮੈਟਰੋ ਵੱਲੋਂ ਇਨ੍ਹਾਂ ਸਾਰੇ ਮੈਟਰੋ ਸਟੇਸ਼ਨਾਂ ਖੋਲ੍ਹ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਮੈਟਰੋ ਸਟੇਸ਼ਨ ਬੰਦ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਕਿਉਂਕਿ ਦਿੱਲੀ ਮੈਟਰੋ ਹੁਣ ਭੀੜ ਤੋਂ ਬਚਣ ਅਤੇ ਸੌਖੇ ਤਰੀਕੇ ਨਾਲ ਆਪਣੀਆਂ ਮੰਜ਼ਿਲਾਂ ’ਤੇ ਜਾਣ ਦਾ ਸਾਧਨ ਬਣ ਚੁੱਕਾ ਹੈ। ਇਸ ਦੌਰਾਨ ਜੰਤਰ-ਮੰਤਰ ਦੇ ਨੇੜਲੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਹੋਰ ਸਮੱਸਿਆ ਆਈ, ਕਿਉਂ ਕਿ ਉਹ ਆਨਲਾਈਨ ਟੈਕਸੀ ਆਦਿ ਨਹੀਂ ਕਰ ਸਕੇ। ਜਾਣਕਾਰੀ ਅਨੁਸਾਰ ਦਿੱਲੀ ਮੈਟਰੋ ਰੇਲ ਨਿਗਮ ਨੇ ਅੱਜ ਸਵੇਰੇ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈ ਟੀ ਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ ਅਤੇ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ।

ਡੀ ਐੱਮ ਆਰ ਸੀ ਦਾ ਇਹ ਕਦਮ ਜੰਤਰ-ਮੰਤਰ ’ਤੇ ਕੌਕਰੋਚ ਜਨਤਾ ਪਾਰਟੀ ਦੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਚੁੱਕਿਆ ਗਿਆ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇਸੇ ਤਰ੍ਹਾਂ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਹਾਲਾਂਕਿ ਦਿੱਲੀ ਮੈਟਰੋ ਨੇ ਕਿਹਾ ਕਿ ਤਿੰਨ ਅਹਿਮ ਸਟੇਸ਼ਨਾਂ ’ਤੇ ਇੰਟਰਚੇਂਜ ਸਹੂਲਤਾਂ ਉਪਲਬਧ ਰਹਿਣਗੀਆਂ, ਜਿਸ ਨਾਲ ਯਾਤਰੀਆਂ ਨੂੰ ਮੈਟਰੋ ਲਾਈਨਾਂ ਬਦਲਣ ਦੀ ਮਨਜ਼ੂਰੀ ਮਿਲੇਗੀ ਪਰ ਸਟੇਸ਼ਨ ਦੇ ਸਟੇਸ਼ਨ ਦੇ ਗੇਟ ਬੰਦ ਰਹਿਣਗੇ। ਇਸ ਦੌਰਾਨ ਯਾਤਰੀਆਂ ਨੇ ਦੱਸਿਆ ਕਿ ਕਈ ਰੂਟਾਂ ’ਤੇ ਮੈਟਰੋ ਸੇਵਾਵਾਂ ਜਾਰੀ ਸਨ, ਪਰ ਬੰਦ ਕੀਤੇ ਸਟੇਸ਼ਨਾਂ ’ਤੇ ਟ੍ਰੇਨਾਂ ਨਹੀਂ ਰੁਕੀਆਂ। ਇਸ ਕਾਰਨ ਯਾਤਰੀਆਂ ਕੋਲ ਅੱਗੇ ਜਾਣ ਅਤੇ ਫਿਰ ਸੜਕ ਰਸਤੇ ਤੋਂ ਵਾਪਸ ਮੁੜਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ।