India latest news

NEET UG Results: ਪੰਜਾਬ ਦਾ ਆਰੀਅਨ ਗੁਪਤਾ ਅਤੇ ਹਰਿਆਣਾ ਦਾ ਪੰਸ਼ੁਲ ਬਾਂਸਲ ਮੋਹਰੀ

NEET UG Results: ਪੰਜਾਬ ਦਾ ਆਰੀਅਨ ਗੁਪਤਾ ਅਤੇ ਹਰਿਆਣਾ ਦਾ ਪੰਸ਼ੁਲ ਬਾਂਸਲ ਮੋਹਰੀ
  • PublishedJuly 17, 2026

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਨੀਟ-ਯੂਜੀ ਪ੍ਰੀਖਿਆ ਦੇ ਨਤੀਜੇ ਅੱਜ ਦੇਰ ਰਾਤ ਵੇਲੇ ਐਲਾਨ ਦਿੱਤੇ ਗਏ ਹਨ। ਇਸ ਵਾਰ ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ 720 ਵਿੱਚੋਂ 715 ਅੰਕ ਹਾਸਲ ਕਰਕੇ ਪ੍ਰੀਖਿਆ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ।

ਇਸ ਸਾਲ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਰਿਕਾਰਡ 11.21 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਵਾਰ 19 ਉਮੀਦਵਾਰਾਂ ਨੇ 720 ਵਿੱਚੋਂ 700 ਅੰਕ ਪ੍ਰਾਪਤ ਕੀਤੇ ਹਨ, ਜਦਕਿ 1,492 ਉਮੀਦਵਾਰਾਂ ਨੇ 650 ਤੋਂ ਵੱਧ ਅੰਕ ਹਾਸਲ ਕੀਤੇ ਹਨ।

ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨੀਟ-ਯੂਜੀ ਦੇ ਨਤੀਜੇ ਬਿਲਕੁਲ ਨਿਰਧਾਰਤ ਸਮੇਂ ਸਿਰ ਐਲਾਨੇ ਗਏ ਹਨ। ਇਸ ਕਾਰਨ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਹੋਣ ਵਾਲੀ ਅਗਲੀ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਕਾਊਂਸਲਿੰਗ ਦਾ ਸ਼ਡਿਊਲ ਬਿਨਾਂ ਕਿਸੇ ਦੇਰੀ ਦੇ ਪੂਰੀ ਤਰ੍ਹਾਂ ਆਪਣੇ ਤੈਅ ਸਮੇਂ ‘ਤੇ ਰਹੇਗਾ, ਜਿਸ ਨਾਲ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ।

ਨੈਸ਼ਨਲ ਟੈਸਟਿੰਗ ਏਜੰਸੀ (NTA) ਮੁਤਾਬਕ ਨੀਟ-ਯੂਜੀ ਪ੍ਰੀਖਿਆ ਵਿੱਚ ਦੇਸ਼ ਭਰ ਦੇ 66 ਸ਼ਹਿਰਾਂ ਵਿੱਚੋਂ 138 ਉਮੀਦਵਾਰਾਂ ਨੇ ਟੌਪਰਾਂ ਦੀ ਸੂਚੀ ਵਿੱਚ ਥਾਂ ਬਣਾਈ ਹੈ। 705 ਤੋਂ ਵੱਧ ਅੰਕ ਹਾਸਲ ਕਰਨ ਵਾਲੇ ਸਿਖਰਲੇ 17 ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਤੇਲੰਗਾਨਾ ਸਮੇਤ ਅੱਠ ਰਾਜਾਂ ਨਾਲ ਸਬੰਧਤ ਹਨ। ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਬਣਾਏ ਗਏ 5,440 ਕੇਂਦਰਾਂ ’ਤੇ ਪ੍ਰੀਖਿਆ ਦੇਣ ਵਾਲੇ 20 ਲੱਖ ਉਮੀਦਵਾਰਾਂ ਵਿੱਚੋਂ 11.21 ਲੱਖ ਉਮੀਦਵਾਰ ਮੈਡੀਕਲ, ਡੈਂਟਲ, ਆਯੂਸ਼ ਅਤੇ ਹੋਰ ਸਬੰਧਤ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਸਫ਼ਲ ਰਹੇ ਹਨ। ਪ੍ਰੀਖਿਆ ਪਾਸ ਕਰਨ ਵਾਲੇ ਕੁੱਲ ਉਮੀਦਵਾਰਾਂ ਵਿੱਚੋਂ 58 ਫੀਸਦੀ ਤੋਂ ਵੱਧ ਕੁੜੀਆਂ ਹਨ। ਕੁੜੀਆਂ ਦੀ ਸਫ਼ਲਤਾ ਦੀ ਦਰ ਲੜਕਿਆਂ ਦੇ ਮੁਕਾਬਲੇ ਬਿਹਤਰ ਰਹੀ ਹੈ, ਜਿੱਥੇ ਪ੍ਰੀਖਿਆ ਦੇਣ ਵਾਲੀਆਂ 56.8 ਫੀਸਦੀ ਕੁੜੀਆਂ ਸਫ਼ਲ ਹੋਈਆਂ, ਉੱਥੇ ਹੀ 55.1 ਫੀਸਦੀ ਮੁੰਡੇ ਪ੍ਰੀਖਿਆ ਪਾਸ ਕਰ ਸਕੇ।

ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 17 ਤੋਂ 19 ਸਾਲ ਦਰਮਿਆਨ ਹੈ। ਕੁੱਲ 720 ਅੰਕਾਂ ਵਿੱਚੋਂ 690 ਤੋਂ ਵੱਧ ਅੰਕ ਹਾਸਲ ਕਰਨ ਵਾਲੇ 138 ਉਮੀਦਵਾਰਾਂ ਵਿੱਚੋਂ 93 ਫੀਸਦੀ ਤੋਂ ਵੱਧ ਅਜਿਹੇ ਸਨ, ਜਿਨ੍ਹਾਂ ਨੇ ਪਹਿਲੀ ਵਾਰ ਨੀਟ-ਯੂਜੀ ਦੀ ਪ੍ਰੀਖਿਆ ਦਿੱਤੀ ਸੀ। ਇਹ ਵਿਦਿਆਰਥੀ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਹਨ, ਜਿਨ੍ਹਾਂ ਨੇ 13 ਵੱਖ-ਵੱਖ ਭਾਸ਼ਾਵਾਂ ਵਿੱਚ ਇਹ ਪ੍ਰੀਖਿਆ ਦਿੱਤੀ ਸੀ।

ਐਨ.ਟੀ.ਏ. ਅਨੁਸਾਰ ਦੇਸ਼ ਦੇ ਸਾਰੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਫ਼ਲ ਉਮੀਦਵਾਰ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਤੋਂ 1.7 ਲੱਖ ਤੋਂ ਵੱਧ ਅਤੇ ਸਭ ਤੋਂ ਘੱਟ ਲਕਸ਼ਦੀਪ ਤੋਂ 43 ਉਮੀਦਵਾਰ ਪਾਸ ਹੋਏ ਹਨ।