India latest news

Jagannath Rath Stampede: ਪੁਰੀ ਦੀ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ; ਇੱਕ ਸ਼ਰਧਾਲੂ ਦੀ ਮੌਤ; 100 ਤੋਂ ਵੱਧ ਜ਼ਖ਼ਮੀ

Jagannath Rath Stampede: ਪੁਰੀ ਦੀ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ; ਇੱਕ ਸ਼ਰਧਾਲੂ ਦੀ ਮੌਤ; 100 ਤੋਂ ਵੱਧ ਜ਼ਖ਼ਮੀ
  • PublishedJuly 16, 2026

ਉੜੀਸਾ ਦੇ ਪੁਰੀ ਵਿੱਚ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਮਚ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 100 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਇਹ ਘਟਨਾ ਅੱਜ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਵਾਪਰੀ, ਜਦੋਂ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਅਚਾਨਕ ਰੱਥਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨ ਲੱਗੀ।

ਜਗਨਨਾਥ ਰੱਥ ਯਾਤਰਾ ਵਿਚ ਭਗਦੜ ਤੋਂ ਬਾਅਦ 100 ਤੋਂ ਵੱਧ ਜਣਿਆਂ ਨੇ ਸਾਹ ਲੈਣ ਵਿੱਚ ਤਕਲੀਫ਼ ਹੋਣ ਦੀ ਸ਼ਿਕਾਇਤ ਕੀਤੀ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਫਾਇਰ ਸੇਵਾਵਾਂ ਦੇ ਆਈ ਜੀ ਉਮਾਸ਼ੰਕਰ ਦਾਸ ਨੇ ਕਿਹਾ 100 ਦੇ ਕਰੀਬ ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਬੀ ਜੇ ਡੀ ਮੁਖੀ ਨਵੀਨ ਪਟਨਾਇਕ ਨੇ ਸ਼ਰਧਾਲੂਆਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ ਤੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਜਾਣਕਾਰੀ ਅਨੁਸਾਰ ਰੱਥ ਯਾਤਰਾ ਦੌਰਾਨ ਸੇਵਾਦਾਰਾਂ ਨੇ ਲੋਕਾਂ ਨੂੰ ਪਿੱਛੇ ਹਟਾਇਆ ਤੇ ਲੋਕਾਂ ਦੇ ਇੱਕ-ਦੂਜੇ ਨੂੰ ਧੱਕਾ ਦੇਣ ਨਾਲ ਭਗਦੜ ਮਚ ਗਈ ਅਤੇ ਲੋਕ ਇੱਕ-ਦੂਜੇ ਦੇ ਉੱਪਰ ਡਿੱਗਣ ਲੱਗੇ। ਇਹ ਸਭ ਉਸ ਵੇਲੇ ਹੋਇਆ ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਇਸ ਦੇ ਬਾਵਜੂਦ ਰੱਥ ਯਾਤਰਾ ਦੇ ਰਸਤੇ ’ਤੇ ਕਈ ਲੱਖਾਂ ਸ਼ਰਧਾਲੂ ਮੌਜੂਦ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਰੀ ਦੀ ਇਸ ਇਤਿਹਾਸਕ ਯਾਤਰਾ ਵਿੱਚ ਭਗਦੜ ਮਚੀ ਹੋਵੇ, ਇਸ ਤੋਂ ਪਹਿਲਾਂ ਵੀ ਦੋ ਵਾਰ ਅਜਿਹੇ ਹਾਦਸੇ ਸਾਹਮਣੇ ਆ ਚੁੱਕੇ ਹਨ। ਸਾਲ 2015 ਵਿੱਚ 18 ਜੁਲਾਈ ਨੂੰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁਰੀ ਪਹੁੰਚੇ ਹੋਏ ਸਨ। ਭਗਵਾਨ ਬਲਭੱਦਰ ਦਾ ਰੱਥ ਖਿੱਚਣ ਦੌਰਾਨ ਗ੍ਰੈਂਡ ਰੋਡ ਦੇ ਮਾਰੀਚੀਕੋਟ ਚੌਕ ਨੇੜੇ ਅਚਾਨਕ ਭੀੜ ਬੇਕਾਬੂ ਹੋ ਗਈ ਅਤੇ ਇੱਕ-ਦੂਜੇ ਉੱਪਰ ਡਿੱਗਣ ਕਾਰਨ ਦਮ ਘੁੱਟਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਸੀ, ਜਦਕਿ 6 ਲੋਕ ਗੰਭੀਰ ਜ਼ਖ਼ਮੀ ਹੋਏ ਸਨ।

ਸਾਲ 2025 ਵਿੱਚ ਵੀ ਭਗਦੜ ਕਾਰਨ ਹੋਈਆਂ ਸਨ ਤਿੰਨ ਮੌਤਾਂ

ਇਸੇ ਤਰ੍ਹਾਂ ਪਿਛਲੇ ਸਾਲ 29 ਜੂਨ 2025 ਨੂੰ ਜਗਨਨਾਥ ਰੱਥ ਯਾਤਰਾ ਦੌਰਾਨ ਗੁੰਡੀਚਾ ਮੰਦਰ ਦੇ ਬਾਹਰ ਸਰਧਾਬਲੀ ਇਲਾਕੇ ਵਿੱਚ ਤੜਕੇ ਹਜ਼ਾਰਾਂ ਲੋਕ ਦਰਸ਼ਨਾਂ ਲਈ ਇਕੱਠੇ ਹੋਏ ਸਨ। ਅਚਾਨਕ ਭੀੜ ਦੇ ਇੱਕਦਮ ਅੱਗੇ ਵਧਣ ਕਾਰਨ ਮਚੀ ਭਗਦੜ ਵਿੱਚ 3 ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਉਸ ਘਟਨਾ ਤੋਂ ਬਾਅਦ ਰਾਜ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਕਈ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਸੀ।