ਓਨਟਾਰੀਓ ’ਚ 10 ਫ੍ਰੀਵੇਅ ਹਾਦਸੇ ’ਚ 3 ਮੌਤਾਂ: ਸੈਮੀ-ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਕਰੀਬ 4 ਸਾਲ 8 ਮਹੀਨੇ ਦੀ ਕੈਦ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਓਨਟਾਰੀਓ ਵਿੱਚ 10 ਫ੍ਰੀਵੇਅ ’ਤੇ ਪਿਛਲੇ ਸਾਲ ਵਾਪਰੇ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿੱਚ ਸੈਮੀ-ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਚਾਰ ਸਾਲ ਅਤੇ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੱਠ ਵਾਹਨਾਂ ਦੀ ਇਸ ਭਿਆਨਕ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਜਸ਼ਨਪ੍ਰੀਤ ਸਿੰਘ ਨੂੰ ਇਸ ਹਾਦਸੇ ਤੋਂ ਬਾਅਦ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਗੰਭੀਰ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਮੌਤ (Vehicular Manslaughter with Gross Negligence) ਅਤੇ ਲਾਪਰਵਾਹੀ ਨਾਲ ਡਰਾਈਵਿੰਗ (Reckless Driving) ਦੇ ਦੋਸ਼ ਲਗਾਏ ਗਏ ਸਨ।
ਅਮਰੀਕੀ ਹੋਮਲੈਂਡ ਸਕਿਉਰਿਟੀ ਅਧਿਕਾਰੀਆਂ ਮੁਤਾਬਕ, ਜਸ਼ਨਪ੍ਰੀਤ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ।
ਹਾਦਸੇ ਦੀ ਸਾਹਮਣੇ ਆਈ ਡੈਸ਼ਕੈਮ ਵੀਡੀਓ ਵਿੱਚ ਇੱਕ ਸੈਮੀ-ਟਰੱਕ ਨੂੰ 10 ਫ੍ਰੀਵੇਅ ’ਤੇ ਰੁਕੇ ਹੋਏ ਕਈ ਵਾਹਨਾਂ ਨਾਲ ਭਿਆਨਕ ਢੰਗ ਨਾਲ ਟਕਰਾਉਂਦੇ ਦੇਖਿਆ ਜਾ ਸਕਦਾ ਹੈ।
ਰਿਪੋਰਟਾਂ ਮੁਤਾਬਕ, ਜਸ਼ਨਪ੍ਰੀਤ ਸਿੰਘ ਨੇ ਉਸ ਸਮੇਂ ਲਾਗੂ ਸੂਬਾਈ ਅਤੇ ਸੰਘੀ ਪ੍ਰਕਿਰਿਆਵਾਂ ਰਾਹੀਂ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਹਾਸਲ ਕੀਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਹੀ ਸੰਘੀ ਪੱਧਰ ’ਤੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਨਾਲ ਸਬੰਧਤ ਪ੍ਰਕਿਰਿਆ ਵਿੱਚ ਬਦਲਾਅ ਕੀਤਾ ਗਿਆ ਸੀ।
ਇਸ ਮਾਮਲੇ ਨੇ ਇੱਕ ਵਾਰ ਫਿਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਸੜਕ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।