Harike Pattan Ardaas: ਹਰੀਕੇ ਪੱਤਣ ਵਿਖੇ ਬਣੇਗਾ ਸ਼ਹੀਦੀ ਸਮਾਰਕ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗਲਵਾਰ ਨੂੰ ਹਰੀਕੇ ਪੱਤਣ ਵਿਖੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਉੱਥੇ ਇੱਕ ਸ਼ਹੀਦੀ ਸਮਾਰਕ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਹਰੀਕੇ ਪੱਤਣ ਵਿਖੇ ਉਨ੍ਹਾਂ ਸਾਰੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਈ ਗਈ ਸਾਂਝੀ ਅਰਦਾਸ ਦੀ ਅਗਵਾਈ ਕੀਤੀ, ਜਿਨ੍ਹਾਂ ਨੂੰ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਲਾਪਤਾ ਕਰਾਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕਰ ਦਿੱਤਾ ਗਿਆ ਸੀ ਜਾਂ ਦਰਿਆਵਾਂ ਵਿੱਚ ਵਹਾ ਦਿੱਤਾ ਗਿਆ ਸੀ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਵੀ ਦਿੱਤਾ ਕਿ ਉਹ ਸਾਲ 1982 ਤੋਂ 1995 ਦੇ ਦਰਮਿਆਨ ਹੋਏ ਸਾਰੇ ਵੱਡੇ ਹਾਦਸਿਆਂ ਅਤੇ ਕਤਲੇਆਮ ਦੀ ਰਿਪੋਰਟ ਤੇ ਦਸਤਾਵੇਜ਼ ਤਿਆਰ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਰਿਕਾਰਡਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਧਾਰਮਿਕ ਸਮਾਗਮ ਉਸ ਵੇਲੇ ਕਰਵਾਇਆ ਗਿਆ ਹੈ ਜਦੋਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਦੇ ਰਿਲੀਜ਼ ਹੋਣ ਅਤੇ ਫਿਰ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਦਰਦਨਾਕ ਇਤਿਹਾਸ ’ਤੇ ਜਨਤਕ ਬਹਿਸ ਮੁੜ ਤੇਜ਼ ਹੋ ਗਈ ਹੈ।
ਇਸ ਅਰਦਾਸ ਸਮਾਗਮ ਦੀ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਗਈ ਇਸ ਅਰਦਾਸ ਵਿੱਚ ਸਿਰਫ਼ ਸਿੱਖਾਂ ਨੂੰ ਹੀ ਨਹੀਂ, ਸਗੋਂ ਉਸ ਦੌਰ ਦੌਰਾਨ ਮਾਰੇ ਗਏ ਅਤੇ ਲਾਪਤਾ ਹੋਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਯਾਦ ਕੀਤਾ ਗਿਆ। ਇਸ ਸਮਾਗਮ ਨੂੰ ਸਾਰੇ ਪੰਜਾਬੀਆਂ ਦੀ ਸਾਂਝੀ ਅਰਦਾਸ ਦੱਸਦਿਆਂ ਗਿਆਨੀ ਗੜਗੱਜ ਨੇ ਕਿਹਾ ਕਿ ਇਹ ਇਕੱਠ ਧਰਮ ਦੀਆਂ ਦੀਵਾਰਾਂ ਤੋਂ ਉੱਪਰ ਉੱਠ ਕੇ ਹਰ ਉਸ ਬੇਗੁਨਾਹ ਪੀੜਤ ਨੂੰ ਯਾਦ ਕਰਨ ਲਈ ਸੀ ਜਿਸ ਨੇ ਉਸ ਦੌਰ ਵਿੱਚ ਆਪਣੀ ਜਾਨ ਗਵਾਈ ਸੀ।
ਇਸ ਤੋਂ ਪਹਿਲਾਂ ਹਰੀਕੇ ਪੱਤਣ (ਤਰਨ ਤਾਰਨ) ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ’ਤੇ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਅਰਦਾਸ ਸਮਾਗਮ ਹਰੀਕੇ ਹੈੱਡ ਵਰਕਸ ਦੇ ਕੰਢੇ ਹੋਇਆ।
ਸਮਾਗਮ ਦੀ ਸ਼ੁਰੂਆਤ ਮੁੱਖ ਵਾਕ ਲੈਣ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਧਾਰਮਿਕ ਇਕੱਠ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਉਹ ਪੀੜਤ ਪਰਿਵਾਰ ਪੁੱਜੇ ਜਿਨ੍ਹਾਂ ਦੇ ਬੱਚੇ ਜਾਂ ਪਰਿਵਾਰਕ ਮੈਂਬਰ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਹੋ ਗਏ ਸਨ। ਇਹ ਪਰਿਵਾਰ ਆਪਣੇ ਲਾਪਤਾ ਹੋਏ ਜੀਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਬਹੁਤ ਹੀ ਭਾਵੁਕ ਮਾਹੌਲ ਵਿੱਚ ਇਨਸਾਫ਼ ਦੀ ਉਮੀਦ ਨਾਲ ਇੱਥੇ ਇਕੱਠੇ ਹੋਏ।