Strait of Hormuz Conflict: ਹਰਮੁਜ਼ ਜਲਮਾਰਗ ਨੂੰ ਲੈ ਕੇ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਿਆ
ਪੱਛਮੀ ਏਸ਼ੀਆ ਵਿੱਚ ਬੀਤੇ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਵਧੇ ਤਣਾਅ ਤੋਂ ਬਾਅਦ ਸੋਮਵਾਰ ਨੂੰ ਅਮਰੀਕਾ ਅਤੇ ਇਰਾਨ ਨੇ ਦਾਅਵਾ ਕੀਤਾ ਕਿ ਹਰਮੁਜ਼ ਜਲਮਾਰਗ ‘ਤੇ ਉਨ੍ਹਾਂ ਦਾ ਕੰਟਰੋਲ ਹੈ। ਇਸ ਘਟਨਾਕ੍ਰਮ ਨੇ ਜੰਗ ਖ਼ਤਮ ਕਰਨ ਲਈ ਜਾਰੀ ਕੂਟਨੀਤਕ ਕੋਸ਼ਿਸ਼ਾਂ ‘ਤੇ ਵੀ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ।
ਤਣਾਅ ਉਸ ਸਮੇਂ ਹੋਰ ਵਧ ਗਿਆ ਜਦੋਂ ਐਤਵਾਰ ਨੂੰ ਇਰਾਨ ਨੇ ਓਮਾਨ ਦੇ ਤੱਟ ਦੇ ਨੇੜੇ ਹਰਮੁਜ਼ ਜਲਮਾਰਗ ਵਿੱਚ ਇੱਕ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਨੇ ਇੱਕ ਵਾਰ ਫਿਰ ਇਹ ਸਾਫ਼ ਕਰ ਦਿੱਤਾ ਕਿ ਆਲਮੀ ਪੱਧਰ ‘ਤੇ ਕਦੇ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਲਗਪਗ ਪੰਜਵੇਂ ਹਿੱਸੇ ਦੀ ਆਵਾਜਾਈ ਵਾਲੇ ਇਸ ਸਮੁੰਦਰੀ ਮਾਰਗ ਦਾ ਮੁੱਦਾ ਹੀ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਭ ਤੋਂ ਵੱਡਾ ਵਿਵਾਦ ਬਣਿਆ ਹੋਇਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ‘ਫੌਕਸ ਨਿਊਜ਼’ ਨੂੰ ਕਿਹਾ, ”ਇਸ ਜਲਮਾਰਗ ‘ਤੇ ਸਾਡਾ ਕੰਟਰੋਲ ਹੈ।” ਟਰੰਪ ਨੇ ਇਹ ਵੀ ਕਿਹਾ ਕਿ ਐਤਵਾਰ ਨੂੰ 11 ਘੰਟੇ ਚੱਲੀ ਬੈਠਕ ‘ਚ ”ਸਾਰੀਆਂ ਗੱਲਾਂ ‘ਤੇ ਸਹਿਮਤੀ ਬਣ ਗਈ ਸੀ”, ਪਰ ਬਾਅਦ ‘ਚ ਇਰਾਨੀ ਵਾਰਤਾਕਾਰਾਂ ਨੇ ਕੁਝ ਬਦਲਾਵਾਂ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ।
ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਹੀ ਫਾਰਸ ਦੀ ਖਾੜੀ ਦੇ ਇਸ ਤੰਗ ਸਮੁੰਦਰੀ ਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ‘ਤੇ ਅਸਰ ਪਿਆ ਹੈ। ਇਰਾਨ ਨੇ ਵਪਾਰਕ ਜਹਾਜ਼ਾਂ ‘ਤੇ ਹਮਲੇ ਕਰਕੇ ਅਤੇ ਜਹਾਜ਼ਰਾਨੀ ਕੰਪਨੀਆਂ ਨੂੰ ਡਰਾ ਕੇ ਇਸ ਮਾਰਗ ‘ਤੇ ਆਪਣਾ ਦਬਦਬਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕਾ ਅਤੇ ਇਰਾਨ ਵਿਚਾਲੇ ਹੋਏ 60 ਦਿਨਾਂ ਦੇ ਅੰਤਰਿਮ ਸਮਝੌਤੇ ਦੀ ਮਿਆਦ ਲਗਪਗ ਅੱਧੀ ਪੂਰੀ ਹੋ ਚੁੱਕੀ ਹੈ। ਇਸ ਸਮਝੌਤੇ ਦਾ ਉਦੇਸ਼ ਜੰਗ ਦੇ ਸਥਾਈ ਹੱਲ ਲਈ ਗੱਲਬਾਤ ਸ਼ੁਰੂ ਕਰਨਾ ਸੀ, ਪਰ ਇਸ ਦੀ ਬਜਾਏ ਹੋਰਮੁਜ਼ ਜਲਮਾਰਗ ਅਤੇ ਇਸ ਦੇ ਭਵਿੱਖ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਨਾਲ ਆਲਮੀ ਆਗੂਆਂ ਦੀ ਇਹ ਚਿੰਤਾ ਵਧ ਗਈ ਹੈ ਕਿ ਇਰਾਨ ਜੰਗ ਫਿਰ ਤੋਂ ਪੂਰੀ ਤਰ੍ਹਾਂ ਭੜਕ ਸਕਦੀ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਇੱਕ ਬਿਆਨ ਵਿੱਚ ਕਿਹਾ, ”ਜੇਕਰ ਵਿਆਪਕ ਪੱਧਰ ‘ਤੇ ਫਿਰ ਤੋਂ ਜੰਗ ਸ਼ੁਰੂ ਹੁੰਦੀ ਹੈ, ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋਣਗੇ।”
ਅਮਰੀਕੀ ਫੌਜ ਦੀ ਕੇਂਦਰੀ ਕਮਾਂਡ (ਸੈਂਟਕਾਮ) ਨੇ ਦੱਸਿਆ ਕਿ ਸੋਮਵਾਰ ਨੂੰ ਕੀਤੇ ਗਏ ਹਮਲਿਆਂ ਵਿੱਚ ਉਸ ਨੇ ਦਰਜਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ, ਰਾਡਾਰ ਕੇਂਦਰ, ਮਿਜ਼ਾਈਲ ਅਤੇ ਡਰੋਨ ਨਾਲ ਸਬੰਧਤ ਉਪਕਰਣ ਅਤੇ ਛੋਟੀਆਂ ਕਿਸ਼ਤੀਆਂ ਸ਼ਾਮਲ ਹਨ। ਸੈਂਟਕਾਮ ਨੇ ਕਿਹਾ, ”ਹਰਮੁਜ਼ ਜਲਮਾਰਗ ਆਲਮੀ ਵਪਾਰ ਲਈ ਬਹੁਤ ਮਹੱਤਵਪੂਰਨ ਸਮੁੰਦਰੀ ਮਾਰਗ ਹੈ। ਇਸ ‘ਤੇ ਇਰਾਨ ਦਾ ਕੰਟਰੋਲ ਨਹੀਂ ਹੈ।”