Entertainment India

Diljit Satluj Ban: ਦਿਲਜੀਤ ਦੋਸਾਂਝ ਦੀ ਫ਼ਿਲਮ ‘Satluj’ ’ਤੇ ਪਾਬੰਦੀ ਬਰਕਰਾਰ ਰਹੇਗੀ

Diljit Satluj Ban: ਦਿਲਜੀਤ ਦੋਸਾਂਝ ਦੀ ਫ਼ਿਲਮ ‘Satluj’ ’ਤੇ ਪਾਬੰਦੀ ਬਰਕਰਾਰ ਰਹੇਗੀ
  • PublishedJuly 11, 2026

Satluj Movie Controversy: ਦਿਲਜੀਤ ਦੋਸਾਂਝ ਦੇ ਮੁੱਖ ਕਿਰਦਾਰ ਵਾਲੀ ਫ਼ਿਲਮ ‘ਸਤਲੁਜ’ ਦੀ ਸਮੀਖਿਆ ਕਰ ਰਹੀ ਇੱਕ ਸਰਕਾਰੀ ਕਮੇਟੀ ਨੇ ਇਸ ਫ਼ਿਲਮ ਦੀ ਔਨਲਾਈਨ ਸਟ੍ਰੀਮਿੰਗ (ਓ.ਟੀ.ਟੀ. ਪ੍ਰਸਾਰਣ) ’ਤੇ ਰੋਕ ਲਗਾਉਣ ਵਾਲੇ ਐਤਵਾਰ ਦੇ ਹੁਕਮਾਂ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਕਮੇਟੀ ਨੇ ਇਸ ਪਿੱਛੇ ਕੌਮੀ ਸੁਰੱਖਿਆ ਦਾ ਹਵਾਲਾ ਦਿੱਤਾ ਹੈ। ਇਸ ਫੈਸਲੇ ਲਈ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਦੇ 2023 ਦੇ ਉਸ ਫੈਸਲੇ ’ਤੇ ਭਰੋਸਾ ਜਤਾਇਆ ਗਿਆ ਹੈ, ਜਿਸ ਵਿੱਚ ਫ਼ਿਲਮ ਨੂੰ ਮੌਜੂਦਾ ਰੂਪ ਵਿੱਚ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਉਸ ਸਮੇਂ ਇਸ ਫ਼ਿਲਮ ਦਾ ਨਾਮ ‘ਘੱਲੂਘਾਰਾ’ ਸੀ। ਸੈਂਸਰ ਬੋਰਡ (CBFC) ਨੇ ਇਸ ਫ਼ਿਲਮ ਵਿੱਚ 127 ਕੱਟ ਲਗਾਉਣ ਦੀ ਮੰਗ ਕੀਤੀ ਸੀ। ਫ਼ਿਲਮ ਨਿਰਮਾਤਾਵਾਂ ਨੇ ਸੈਂਸਰ ਬੋਰਡ ਦੇ ਇਸ ਫੈਸਲੇ ਖ਼ਿਲਾਫ਼ ਅਦਾਲਤ ਦਾ ਰੁਖ ਵੀ ਕੀਤਾ ਸੀ ਪਰ ਉਨ੍ਹਾਂ ਨੂੰ ਉੱਥੋਂ ਕੋਈ ਰਾਹਤ ਨਹੀਂ ਮਿਲੀ। ਆਖਰਕਾਰ ਉਨ੍ਹਾਂ ਨੇ ਜੁਲਾਈ 2025 ਵਿੱਚ ਅਦਾਲਤ ਵਿੱਚੋਂ ਕੇਸ ਵਾਪਸ ਲੈ ਲਿਆ ਅਤੇ ਪਿਛਲੇ ਸ਼ੁੱਕਰਵਾਰ ਨੂੰ ਇੱਕ ਨਵੇਂ ਨਾਮ ‘ਸਤਲੁਜ’ ਹੇਠ ਇਸ ਫ਼ਿਲਮ ਨੂੰ ਜ਼ੀ5 (ZEE5) ਓ.ਟੀ.ਟੀ. ਪਲੇਟਫਾਰਮ ‘ਤੇ ਸਟਰੀਮ ਕਰ ਦਿੱਤਾ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਤਰ-ਵਿਭਾਗੀ ਕਮੇਟੀ (IDC) ਨੇ ਐਤਵਾਰ ਨੂੰ ਇਸ ਫ਼ਿਲਮ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਕਮੇਟੀ ਨੇ ਫ਼ਿਲਮ ਦੇ ਨਿਰਮਾਤਾਵਾਂ ਅਤੇ ਜ਼ੀ5 ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਵਾਲ ਪੁੱਛਿਆ ਕਿ ਜਿਸ ਫ਼ਿਲਮ ਨੂੰ ਪਹਿਲਾਂ ਹੀ ਰੈੱਡ ਫਲੈਗ (ਪਾਬੰਦੀਸ਼ੁਦਾ ਸ਼੍ਰੇਣੀ) ਵਿੱਚ ਰੱਖਿਆ ਗਿਆ ਸੀ, ਉਸ ਨੂੰ ਔਨਲਾਈਨ ਕਿਵੇਂ ਸਟ੍ਰੀਮ ਕੀਤਾ ਗਿਆ।

ਆਈ.ਟੀ. ਐਕਟ ਦੀ ਧਾਰਾ 69-ਏ ਤਹਿਤ ਕਾਰਵਾਈ; ਜਨਤਕ ਸੁਰੱਖਿਆ ਨੂੰ ਖ਼ਤਰੇ ਦੇ ਮੱਦੇਨਜ਼ਰ ਲਿਆ ਫੈਸਲਾ

ਭਾਵੇਂ ਭਾਰਤ ਵਿੱਚ ਓ.ਟੀ.ਟੀ. (OTT) ਪਲੇਟਫਾਰਮਾਂ ਲਈ ਕੋਈ ਸਖ਼ਤ ਰੈਗੂਲੇਸ਼ਨ ਨਹੀਂ ਹੈ ਪਰ ਸੂਚਨਾ ਤਕਨਾਲੋਜੀ (IT) ਐਕਟ 2000 ਤਹਿਤ ਗਠਿਤ ਕੀਤੀ ਗਈ ਇੱਕ ਸਥਾਈ ਕਮੇਟੀ ‘ਆਈ.ਡੀ.ਸੀ.’ ਕੋਲ ਇਹ ਅਧਿਕਾਰ ਹੈ ਕਿ ਉਹ ਓ.ਟੀ.ਟੀ. ਸਮੱਗਰੀ ਦੀ ਸਮੀਖਿਆ ਕਰ ਸਕਦੀ ਹੈ ਅਤੇ ਜੇਕਰ ਇਸ ਨਾਲ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਹੁੰਦਾ ਹੈ, ਤਾਂ ਉਹ ਇਸ ‘ਤੇ ਰੋਕ ਲਗਾ ਸਕਦੀ ਹੈ। ਆਈ.ਡੀ.ਸੀ. ਨੂੰ ਇਹ ਸ਼ਕਤੀਆਂ ਆਈ.ਟੀ. ਐਕਟ 2000 ਦੀ ਧਾਰਾ 69-ਏ (Section 69 A) ਤੋਂ ਮਿਲੀਆਂ ਹਨ।