ਲਾਵਾਰਸ ਲਾਸ਼ਾਂ ਮਾਮਲਾ: ਸ਼੍ਰੀ ਅਕਾਲ ਤਖਤ ਵੱਲੋਂ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ 14 ਜੁਲਾਈ ਨੂੰ ਸਤਲੁਜ ਕੰਢੇ ਅਰਦਾਸ
ਫਿਲਮ ਸਤਲੁਜ ਦੇ ਕਾਰਨ ਮੁੜ ਚਰਚਾ ਵਿੱਚ ਆਏ ਲਾਵਾਰਸ ਲਾਸ਼ਾਂ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਜਿਨ੍ਹਾਂ ਬੇਕਸੂਰ ਨੌਜਵਾਨਾਂ ਦਾ ਉਸ ਸਮੇਂ ਦੀ ਸਰਕਾਰ ਵੱਲੋਂ ਪੁਲੀਸ ਰਾਹੀਂ ਕਤਲੇਆਮ ਕੀਤਾ ਗਿਆ ਅਤੇ ਜਿਨ੍ਹਾਂ ਬਾਰੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਜਾਣਕਾਰੀ ਉਜਾਗਰ ਕੀਤੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਅਰਦਾਸ ਲਈ 14 ਜੁਲਾਈ ਨੂੰ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਵੱਲੋਂ ਫਿਲਮ ’ਤੇ ਰੋਕ ਲਾਏ ਜਾਣ ’ਤੇ ਸਖਤ ਪ੍ਰਤੀਕਰਮ ਦਿੰਦਿਆਂ ਇਸ ਨੂੰ ਇਨਸਾਫ ਦੀ ਆਵਾਜ਼ ਨੂੰ ਦਬਾਉਣ ਦੀ ਕਾਰਵਾਈ ਕਰਾਰ ਦਿੱਤਾ ਗਿਆ ਸੀ। ਇਸੇ ਮਾਮਲੇ ਵਿੱਚ ਅੱਜ ਉਹਨਾਂ ਇੱਕ ਅਹਿਮ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰੀ ਅਤੇ ਪੁਲੀਸ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਅੱਜ ਤੱਕ ਸਮੂਹਿਕ ਅਰਦਾਸ ਨਹੀਂ ਹੋਈ ਅਤੇ ਬਹੁਤੀਆਂ ਪੀੜਤ ਮਾਵਾਂ ਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਨਾਲ ਕੀ ਬੀਤੀ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਵਿੱਚ ਜੋ ਵਾਪਰਿਆ, ਉਹ ਦੁਨੀਆ ਦੇ ਸਾਹਮਣੇ ਆਵੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ।