PM Modi Death Threat: ਪ੍ਰਧਾਨ ਮੰਤਰੀ ਮੋਦੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਕੀ ਤੋਂ ਬਾਅਦ ਆਸਟਰੇਲਿਆਈ ਫੈਡਰਲ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿ ਆਸਟਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਧਮਕੀ ਫੇਸਬੁੱਕ ’ਤੇ ‘ਮੈਲਬੌਰਨ ਮੀਟਸ ਮੋਦੀ’ ਪ੍ਰੋਗਰਾਮ ਦੇ ਪ੍ਰਚਾਰ ਨਾਲ ਸਬੰਧਤ ਇੱਕ ਪੋਸਟ ਦੇ ਹੇਠਾਂ ਦਿੱਤੀ ਗਈ ਸੀ।
ਰਿਪੋਰਟ ਅਨੁਸਾਰ ਅਬੂ ਮੁਸਤਫਾ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਤੋਂ ਟਿੱਪਣੀ ਕਰਦੇ ਹੋਏ ਲਿਖਿਆ ਗਿਆ, ‘ਪ੍ਰੋਗਰਾਮ ਦੌਰਾਨ ਸਟੇਡੀਅਮ ਦੀ ਛੱਤ ਬੰਦ ਰਹਿਣੀ ਚਾਹੀਦੀ ਹੈ ਨਹੀਂ ਤਾਂ ਉਹ ਆਸਟਰੇਲੀਆ ਆਪਣੀ ਮੌਤ ਲਈ ਆਵੇਗਾ।’
ਇਹ ਪ੍ਰੋਗਰਾਮ 9 ਜੁਲਾਈ ਨੂੰ ਮੈਲਬੌਰਨ ਦੇ ਮਾਰਵਲ ਸਟੇਡੀਅਮ ਵਿੱਚ ਹੋਣਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਧਮਕੀ ਮਿਲਣ ਤੋਂ ਬਾਅਦ ਉਸੇ ਦਿਨ ਇਸ ਦੀ ਜਾਣਕਾਰੀ ਆਸਟਰੇਲਿਆਈ ਫੈਡਰਲ ਪੁਲੀਸ ਨੂੰ ਦੇ ਦਿੱਤੀ ਗਈ। ਜਾਂਚ ਏਜੰਸੀਆਂ ਨੇ ਇਸ ਸੋਸ਼ਲ ਮੀਡੀਆ ਪੋਸਟ ਨਾਲ ਜੁੜੇ ਆਈ ਪੀ ਐਡਰੈੱਸ ਦੀ ਪਛਾਣ ਕਰ ਲਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦੇ ਦੌਰੇ ‘ਤੇ ਰਹਿਣਗੇ। ਉਨ੍ਹਾਂ ਦੇ ਇਸ ਦੌਰੇ ਦੌਰਾਨ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ।