ਹੁਣ ਸਕੂਲਾਂ ‘ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ ‘ਚ ਕੀਤਾ ਸ਼ਾਮਲ
ਸਾਲ 2025 ਦੌਰਾਨ ਆਏ ਹੜ੍ਹਾਂ ਨੇ ਪੰਜਾਬ ‘ਚ ਭਾਰੀ ਤਬਾਹੀ ਮਚਾਈ ਸੀ। ਕਈ ਲੋਕਾਂ ਦੇ ਘਰ ਢਹਿ ਗਏ, ਜਦਕਿ ਖੇਤਾਂ ‘ਚ ਕਈ-ਕਈ ਫੁੱਟ ਤੱਕ ਰੇਤ ਆ ਗਈ, ਜਿਸ ਕਾਰਨ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ਸੀ। ਹੁਣ ਪੰਜਾਬ ‘ਚ ਆਏ ਇਨ੍ਹਾਂ ਹੜ੍ਹਾਂ ਨੂੰ NCERT ਵੱਲੋਂ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੇਂ ਸਿਲੇਬਸ ‘ਚ ਇੱਕ ‘ਕੇਸ ਸਟੱਡੀ’ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਦਾ ਅਸਲ ਮਕਸਦ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਰਾਹੀਂ ਕੁਦਰਤੀ ਆਫ਼ਤਾਂ ਦੇ ਅਸਰ ਅਤੇ ਆਫ਼ਤ ਪ੍ਰਬੰਧਨ ਬਾਰੇ ਸਿਖਾਉਣਾ ਹੈ।
ਇਹ ਕੇਸ ਸਟੱਡੀ 9ਵੀਂ ਜਮਾਤ ਦੀ ਨਵੀਂ ਕਿਤਾਬ ‘Understanding Society: India and Beyond – Grade 9 Part 1’ ‘ਚ ਸ਼ਾਮਲ ਕੀਤੀ ਗਈ ਹੈ। ਕਿਤਾਬ ‘ਚ ਆਫ਼ਤਾਂ ਨਾਲ ਸਬੰਧਤ ਸੈਕਸ਼ਨ ਨੂੰ ਇੱਕ ‘ਵਰਕਸ਼ੀਟ ਮਾਡਲ’ ਵਜੋਂ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਤਜ਼ਰਬਿਆਂ ਅਤੇ ਇੰਟਰਨੈੱਟ ਦੀ ਮਦਦ ਨਾਲ ਖ਼ੁਦ ਖੋਜ ਕਰ ਕੇ ਇਸ ਬਾਰੇ ਲਿਖ ਸਕਣ।
ਪੁਸਤਕ ‘ਚ ਦੱਸਿਆ ਗਿਆ ਹੈ ਕਿ ਸਾਲ 2025 ਵਿੱਚ ਮਾਨਸੂਨ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਇਸ ਕਾਰਨ ਸੂਬੇ ਦੇ ਸੈਂਕੜੇ ਪਿੰਡ, ਰਿਹਾਇਸ਼ੀ ਇਲਾਕੇ ਅਤੇ ਹਜ਼ਾਰਾਂ ਏਕੜ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ। ਕਿਤਾਬ ‘ਚ ਹੜ੍ਹ ਕਾਰਨ ਹੋਏ ਜਾਨੀ-ਮਾਲੀ ਨੁਕਸਾਨ, ਲੋਕਾਂ ਦੇ ਘਰੋਂ ਬੇਘਰ ਹੋਣ, ਰਾਹਤ ਕੈਂਪਾਂ, ਗਾਵਾਂ, ਮੱਝਾਂ, ਮੁਰਗੀਆਂ ਦੇ ਮਰਨ ਜਾਂ ਬਿਮਾਰ ਹੋਣ ਅਤੇ ਸੜਕਾਂ, ਪੁਲਾਂ ਤੇ ਸਰਹੱਦੀ ਵਾੜਾਂ ਨੂੰ ਪਹੁੰਚੇ ਨੁਕਸਾਨ ਦਾ ਵਿਸਥਾਰ ‘ਚ ਵੇਰਵਾ ਦਿੱਤਾ ਗਿਆ ਹੈ।
ਵਿਦਿਆਰਥੀਆਂ ਨੂੰ ਸਿਰਫ਼ ਅੱਖਰ ਰਟਾਉਣ ਦੀ ਬਜਾਏ, ਇਸ ‘ਚ ਦਿਲਚਸਪ ਐਕਟੀਵਿਟੀ ਵੀ ਦਿੱਤੀ ਗਈ ਹੈ, ਜਿਸ ਤਹਿਤ ਬੱਚਿਆਂ ਨੂੰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਇੱਕ ਪੋਸਟਰ ਨੂੰ ਆਪਣੀ ਮਾਤ ਭਾਸ਼ਾ ‘ਚ ਟਰਾਂਸਲੇਟ ਕਰਨ ਲਈ ਕਿਹਾ ਗਿਆ ਹੈ। ਇਹ ਨਵੀਂ ਪਾਠ-ਪੁਸਤਕ ਇਤਿਹਾਸ, ਭੂਗੋਲ ਅਤੇ ਪਾਲਿਟੀਕਲ ਸਾਇੰਸ ਵਰਗੇ ਵਿਸ਼ਿਆਂ ਨੂੰ ਸਮਕਾਲੀ ਮੁੱਦਿਆਂ ਅਤੇ ਪ੍ਰੈਕਟੀਕਲ ਸਿਸਟਮ ਨਾਲ ਜੋੜ ਕੇ ਵਿਦਿਆਰਥੀਆਂ ਦੀ ਸਮਝ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ।