India latest news Politics

Shiv Sena (UBT) split ? Uddhav Thackeray ਦੀ ਪਾਰਟੀ ਵਿੱਚ ਬਗਾਵਤ; 9 ਵਿੱਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ

Shiv Sena (UBT) split ? Uddhav Thackeray ਦੀ ਪਾਰਟੀ ਵਿੱਚ ਬਗਾਵਤ; 9 ਵਿੱਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ
  • PublishedJune 17, 2026

Shiv Sena (UBT) splitਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਪਾਰਟੀ ਸ਼ਿਵਸੈਨਾ (UBT) ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਲੱਗਾ ਹੈ, ਜਿੱਥੇ ਪਾਰਟੀ ਦੇ 9 ਵਿੱਚੋਂ 6 ਲੋਕ ਸਭਾ ਸੰਸਦ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਛੇ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵਸੈਨਾ ਵਿੱਚ ਸ਼ਾਮਲ ਹੋਣ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਚਿੱਠੀ ਭੇਜੀ ਹੈ। ਦੱਸਿਆ ਜਾ ਰਿਹਾ ਹੈ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਵਿੱਚ ਨਾਗੇਸ਼ ਪਾਟਿਲ ਆਸ਼ਟੀਕਰ ਅਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਹਨ, ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫ਼ਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਹ ਊਧਵ ਠਾਕਰੇ ਨਾਲ ਹਨ ਅਤੇ ਇਸੇ ਪਾਰਟੀ ਵਿੱਚ ਰਹਿਣਗੇ।

ਇਸ ਬਗਾਵਤ ਤੋਂ ਬਾਅਦ ਸ਼ਿਵਸੈਨਾ (UBT) ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ।

ਬਾਅਦ ਵਿੱਚ ਜਦੋਂ ਮੀਡੀਆ ਨੇ ਇਸ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਵਿੱਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਹਨ। ਸ਼ਿਵਸੈਨਾ ਵਿੱਚ 4 ਸਾਲਾਂ ਦੇ ਅੰਦਰ ਇਹ ਦੂਜਾ ਵੱਡਾ ਪਾੜ ਹੈ।

ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਆਫਰ ਅਤੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਦਾਅਵਾ

ਸੰਜੇ ਰਾਊਤ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਬਹੁਤ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਬਾਗੀ ਸੰਸਦ ਮੈਂਬਰਾਂ ਨੂੰ ਖਰੀਦਣ ਲਈ 50-50 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੱਕੀ ਜਾਣਕਾਰੀ ਹੈ ਕਿ ਇਨ੍ਹਾਂ ਨੂੰ 15-15 ਕਰੋੜ ਰੁਪਏ ਪਹੁੰਚਾਏ ਵੀ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ 3 ਵਿਸ਼ੇਸ਼ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਂਦਾ ਗਿਆ ਹੈ। ਰਾਊਤ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਪਾਰਟੀ ਦੇ 9 ਵਿੱਚੋਂ ਸਿਰਫ਼ 3 ਸੰਸਦ ਮੈਂਬਰ ਅਨਿਲ ਦੇਸਾਈ, ਰਾਜਾਭਾਊ ਵਾਜੇ ਅਤੇ ਅਰਵਿੰਦ ਸਾਵੰਤ ਹੀ ਮੌਜੂਦ ਸਨ। ਰਾਊਤ ਨੇ ਇਹ ਵੀ ਕਿਹਾ ਕਿ ਬਾਕੀ ਸੰਸਦ ਮੈਂਬਰਾਂ ਨੂੰ ਖੁਦ ਸਾਹਮਣੇ ਆ ਕੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਨਾ ਚਾਹੀਦਾ ਹੈ।