Ola License Suspended in Chandigarh: ਚੰਡੀਗੜ੍ਹ ਵਿੱਚ ਓਲਾ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ
ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾ ਕੰਪਨੀ ਓਲਾ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਮੂਲ ਕੰਪਨੀ ANI Technologies Private Limited ਦਾ ਐਗਰੀਗੇਟਰ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਚੰਡੀਗੜ੍ਹ ਪ੍ਰਸ਼ਾਸਨ ਦੇ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇਹ ਹੁਕਮ ਸਟੇਟ ਟਰਾਂਸਪੋਰਟ ਅਥਾਰਟੀ (STA) ਦੇ ਸਕੱਤਰ ਨਿਤੀਸ਼ ਸਿੰਗਲਾ ਵੱਲੋਂ ਜਾਰੀ ਕੀਤਾ ਗਿਆ ਜੋ ਐਗਰੀਗੇਟਰ ਨਿਯਮਾਂ ਤਹਿਤ ਲਾਇਸੈਂਸ ਜਾਰੀ ਕਰਨ ਵਾਲੇ ਅਧਿਕਾਰੀ ਵੀ ਹਨ।
ਅਥਾਰਟੀ ਮੁਤਾਬਕ ਕੰਪਨੀ ਨੂੰ 15 ਜਨਵਰੀ 2024 ਨੂੰ ਐਗਰੀਗੇਟਰ ਲਾਇਸੈਂਸ ਦਿੱਤਾ ਗਿਆ ਸੀ। ਬਾਅਦ ਵਿੱਚ ਇਹ ਲਾਇਸੈਂਸ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੇ ਦਾਇਰੇ ਵਿੱਚ ਆ ਗਿਆ।
ਪ੍ਰਸ਼ਾਸਨ ਨੂੰ ਕਈ ਕੈਬ ਡਰਾਈਵਰਾਂ ਅਤੇ ਹੋਰ ਸਰੋਤਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਕੰਪਨੀ ਨਿਯਮਾਂ ਦੀ ਪੂਰੀ ਪਾਲਣਾ ਨਹੀਂ ਕਰ ਰਹੀ। ਸ਼ਿਕਾਇਤਾਂ ਵਿੱਚ ਡਰਾਈਵਰਾਂ ਲਈ ਸਿਹਤ ਬੀਮਾ, ਜੀਵਨ ਬੀਮਾ, ਲਾਜ਼ਮੀ ਟ੍ਰੇਨਿੰਗ ਅਤੇ ਕਿਰਾਏ ਦੀ ਦਰ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਦੇ ਦੋਸ਼ ਸ਼ਾਮਲ ਸਨ।
ਅਥਾਰਟੀ ਨੇ ਦੱਸਿਆ ਕਿ ਜੁਲਾਈ 2025 ਵਿੱਚ ਕੰਪਨੀ ਨੂੰ ਪੱਤਰ ਅਤੇ ਈ-ਮੇਲ ਰਾਹੀਂ ਨਿਯਮਾਂ ਦੀ ਪਾਲਣਾ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕੰਪਨੀ ਦੇ ਨੁਮਾਇੰਦਿਆਂ ਨੂੰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।
ਜਾਂਚ ਦੌਰਾਨ ਬਣਾਈ ਗਈ ਕਮੇਟੀ ਨੇ ਪਾਇਆ ਕਿ ਕੰਪਨੀ ਨੇ ਆਪਣਾ ਚੰਡੀਗੜ੍ਹ ਸਥਿਤ ਦਫ਼ਤਰ ਲਗਪਗ ਇੱਕ ਸਾਲ ਪਹਿਲਾਂ ਬਦਲ ਦਿੱਤਾ ਸੀ, ਪਰ ਇਸ ਬਾਰੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।