West Asia crisis: ਦੇਸ਼ ‘ਚ ਤੇਲ-ਗੈਸ ਦੀ ਕੋਈ ਕਮੀ ਨਹੀਂ, ਲੋਕ ਘਬਰਾਹਟ ਵਿੱਚ ਖਰੀਦਦਾਰੀ ਤੋਂ ਬਚਣ : ਕੇਂਦਰ
ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਦੁਨੀਆ ਭਰ ਵਿੱਚ ਤੇਲ-ਗੈਸ ਦੀ ਸਪਲਾਈ ਦੀਆਂ ਰੁਕਾਵਟ ਵਿਚਕਾਰ, ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਾਫ਼ ਕਰ ਦਿੱਤਾ ਹੈ ਕਿ ਭਾਰਤ ਵਿੱਚ ਪੈਟਰੋਲੀਅਮ ਪਦਾਰਥਾਂ ਦੀ ‘ਸਪਲਾਈ ਵਿੱਚ ਕੋਈ ਕਮੀ’ ਨਹੀਂ ਹੈ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰ ਜਾਂ ਘਬਰਾਹਟ ਵਿੱਚ ਆ ਕੇ ਲੋੜ ਤੋਂ ਵੱਧ ਤੇਲ (ਪੈਟਰੋਲ-ਡੀਜ਼ਲ) ਜਾਂ ਰਸੋਈ ਗੈਸ (LPG) ਖਰੀਦ ਕੇ ਘਰਾਂ ਵਿੱਚ ਜਮ੍ਹਾ ਨਾ ਕਰਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਪੱਛਮੀ ਏਸ਼ੀਆ ‘ਤੇ ਗੈਰ-ਰਸਮੀ ਮੰਤਰੀ ਸਮੂਹ (IGoM) ਦੀ ਛੇਵੀਂ ਮੀਟਿੰਗ ਦੌਰਾਨ ਉੱਥੋਂ ਦੇ ਬਦਲਦੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸਰਕਾਰ ਨੇ ਭਰੋਸਾ ਦਿੱਤਾ ਕਿ ਉੱਥੇ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਭਾਰਤ ਦੀ ਊਰਜਾ ਅਤੇ ਖਾਦ ਦੀ ਸਪਲਾਈ ਸਥਿਰ ਰਹੀ ਹੈ।
ਅਧਿਕਾਰੀਆਂ ਨੇ ਮੰਤਰੀਆਂ ਦੇ ਸਮੂਹ ਨੂੰ ਸੂਚਿਤ ਕੀਤਾ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ “ਪੂਰੀ ਤਰ੍ਹਾਂ ਲੋੜ ਮੁਤਾਬਕ (adequate)” ਹੈ। ਉਨ੍ਹਾਂ ਨੇ ਇਸ ਗੱਲ ‘ਤੇ ਖ਼ਾਸ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਵਿੱਚ ਤੇਲ ਰਿਫਾਈਨ ਕਰਨ ਵਾਲਾ ਚੌਥਾ ਸਭ ਤੋਂ ਵੱਡਾ ਦੇਸ਼ ਹੈ। ਦੇਸ਼ ਵਿੱਚ ਹਰ ਸਾਲ 258.1 ਮਿਲੀਅਨ ਟਨ ਤੇਲ ਸਾਫ਼ ਕਰਨ ਦੀ ਸਮਰੱਥਾ ਹੈ, ਜਦਕਿ ਪਿਛਲੇ ਵਿੱਤੀ ਸਾਲ ਦੌਰਾਨ ਦੇਸ਼ ਦੀ ਘਰੇਲੂ ਖਪਤ ਸਿਰਫ਼ 243.2 ਮਿਲੀਅਨ ਟਨ ਸੀ।”
ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਹਰ ਸਾਲ ਲਗਪਗ 61.5 ਮਿਲੀਅਨ ਟਨ ਪੈਟਰੋਲੀਅਮ ਪਦਾਰਥ (ਤੇਲ ਉਤਪਾਦ) ਦੂਜੇ ਦੇਸ਼ਾਂ ਨੂੰ ਬਰਾਮਦ ਕਰਦਾ ਹੈ। ਇਹ ਗੱਲ ਸਰਕਾਰ ਦੇ ਇਸ ਦਾਅਵੇ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਦੇਸ਼ ਵਿੱਚ ਬਾਲਣ ਦੀ ਉਪਲਬਧਤਾ ਨੂੰ ਹਾਲ ਦੀ ਘੜੀ ਕੋਈ ਖ਼ਤਰਾ ਨਹੀਂ ਹੈ।
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਰਾਜਨਾਥ ਸਿੰਘ ਨੇ ਐਕਸ ‘ਤੇ ਇੱਕ ਪੋਸਟ ਰਾਹੀਂ ਕਿਹਾ, ‘ਦੇਸ਼ ਵਿੱਚ ਅੱਜ ਦੇ ਸਮੇਂ ਤੇਲ-ਗੈਸ ਦੀ ਸਪਲਾਈ ਦੇ ਹਾਲਾਤ ਬਿਲਕੁਲ ਆਮ ਹਨ।’ ਇਸ ਦੇ ਨਾਲ ਹੀ ਉਨ੍ਹਾਂ ਨੇ ਨਾਗਰਿਕਾਂ ਨੂੰ ਪੈਟਰੋਲ, ਡੀਜ਼ਲ ਅਤੇ ਐੱਲ ਪੀ ਜੀ ਦੀ ਘਬਰਾਹਟ ਵਿੱਚ ਖਰੀਦਦਾਰੀ (panic purchases) ਕਰਨ ਤੋਂ ਬਚਣ ਦੀ ਅਪੀਲ ਕੀਤੀ
ਇਸ ਉੱਚ ਪੱਧਰੀ ਮੀਟਿੰਗ ਵਿੱਚ ਹਰਦੀਪ ਸਿੰਘ ਪੁਰੀ, ਜੇ ਪੀ ਨੱਡਾ, ਮਨੋਹਰ ਲਾਲ, ਅਸ਼ਵਨੀ ਵੈਸ਼ਨਵ, ਪ੍ਰਹਿਲਾਦ ਜੋਸ਼ੀ ਅਤੇ ਕਿਰਨ ਰਿਜਿਜੂ ਸਮੇਤ ਕਈ ਸੀਨੀਅਰ ਮੰਤਰੀ ਸ਼ਾਮਲ ਹੋਏ।