Punjab

ED ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ Royale Estate Group ਦੇ ਦਫ਼ਤਰਾਂ ਅਤੇ ਪ੍ਰਮੋਟਰਾਂ ਦੇ ਟਿਕਾਣਿਆਂ ‘ਤੇ ਛਾਪੇ

ED ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ Royale Estate Group ਦੇ ਦਫ਼ਤਰਾਂ ਅਤੇ ਪ੍ਰਮੋਟਰਾਂ ਦੇ ਟਿਕਾਣਿਆਂ ‘ਤੇ ਛਾਪੇ
  • PublishedMay 26, 2026

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਨਿਗਮ ਤੇ ਕੌਂਸਲ ਚੋਣਾਂ ਦਰਮਿਆਨ ਮਨੀ ਲਾਂਡਰਿੰਗ ਦੇ ਮਾਮਲੇ ’ਚ ਰੌਇਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰੌਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਅੱਧੀ ਦਰਜਨ ਟਿਕਾਣਿਆਂ ’ਤੇ ਛਾਪੇ ਮਾਰੇ। ਇਨ੍ਹਾਂ ਕੰਪਨੀਆਂ ਨਾਲ ਜੁੜੇ ਰੀਅਲ ਅਸਟੇਟ ਡਿਵੈਲਪਰ ਪਰਵੀਨ ਕਾਂਸਲ ਉਰਫ਼ ਰੌਕੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿਚਲੀ ਰਿਹਾਇਸ਼ ’ਤੇ ਵੀ ਈ ਡੀ ਦੀ ਟੀਮ ਨੇ ਛਾਪਾ ਮਾਰਿਆ। ਪਰਵੀਨ ਕਾਂਸਲ ਰੌਕੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨੇੜਲਾ ਰਿਹਾ ਹੈ ਅਤੇ ਰਾਮਪੁਰਾ ਫੂਲ ਦਾ ਰਹਿਣ ਵਾਲਾ ਹੈ।

ਈ ਡੀ ਦੀਆਂ ਟੀਮਾਂ ਨੇ ਪਰਵੀਨ ਕਾਂਸਲ ਉਰਫ਼ ਰੌਕੀ ਤੋਂ ਇਲਾਵਾ ਨੀਰਜ ਕਾਂਸਲ, ਅਨੁਰਾਗ ਮਿੱਢਾ, ਦਲਜੀਤ ਸਿੰਘ, ਸੁਮਿਤ ਬਾਂਸਲ, ਲਿਆਕਤ ਅਲੀ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ। ਈ ਡੀ ਦੇ ਰਡਾਰ ’ਤੇ ਕੁੱਝ ਸਮੇਂ ਤੋਂ ਪਰਵੀਨ ਕਾਂਸਲ ਅਤੇ ਨੀਰਜ ਕਾਂਸਲ ਸਨ ਅਤੇ ਇਹ ਮਾਮਲਾ ਜ਼ਮੀਨ ਨਾਲ ਕਥਿਤ ਬੇਨਿਯਮੀਆਂ ਨਾਲ ਜੁੜਿਆ ਵੀ ਦੱਸਿਆ ਜਾ ਰਿਹਾ ਹੈ।

ਈ ਡੀ ਦੀਆਂ ਟੀਮਾਂ ਨੇ ਅੱਜ ਸਵੇਰ ਛੇ ਵਜੇ ਮੁਹਾਲੀ, ਜ਼ੀਰਕਪੁਰ ਅਤੇ ਚੰਡੀਗੜ੍ਹ ’ਚ ਉਪਰੋਕਤ ਕੰਪਨੀ ਦੇ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਕੰਪਨੀ ਦੇ ਚੰਡੀਗੜ੍ਹ ਦਿੱਲੀ ਕੌਮੀ ਮਾਰਗ ’ਤੇ ਪੈਂਦੇ ਮੁੱਖ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ। ਪਤਾ ਲੱਗਿਆ ਹੈ ਕਿ ਈ ਡੀ ਦੀਆਂ ਟੀਮਾਂ ਵੱਲੋਂ ਜਾਇਦਾਦਾਂ ਨਾਲ ਸਬੰਧਿਤ ਦਸਤਾਵੇਜ਼ਾਂ, ਡਿਜੀਟਲ ਡਿਵਾਈਸ ਅਤੇ ਵਿੱਤੀ ਲੈਣ ਦੇਣ ਨਾਲ ਸਬੰਧਿਤ ਰਿਕਾਰਡ ਜ਼ਬਤ ਵੀ ਕੀਤਾ ਗਿਆ ਹੈ। ਈ ਡੀ ਤਰਫ਼ੋਂ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਈ ਡੀ ਦੀ ਇਸ ਛਾਪੇਮਾਰੀ ਦਾ ਆਧਾਰ ਮੁਹਾਲੀ ’ਚ 19 ਜੁਲਾਈ 2025 ਨੂੰ ਦਰਜ ਹੋਈ ਐੱਫ਼ ਆਈ ਆਰ ਬਣੀ ਹੈ ਜੋ ਕਿ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਿਤ ਹੈ। ਅਜਿਹਾ ਕਰਕੇ ਗਮਾਡਾ ਨੂੰ ਕਾਨੂੰਨੀ ਦੇਣਦਾਰੀਆਂ ’ਚ ਧੋਖਾ ਕੀਤਾ ਗਿਆ ਅਤੇ 32.67 ਕਰੋੜ ਦਾ ਡਿਸਆਨਰ ਚੈੱਕ ਜਮ੍ਹਾ ਕਰਾਇਆ ਗਿਆ। ਈ ਡੀ ਨੇ ਜਾਂਚ ’ਚ ਪਾਇਆ ਕਿ ਕੰਪਨੀ ਵੱਲ ਗਮਾਡਾ ਦੇ ਬਕਾਏ ਖੜ੍ਹੇ ਹਨ ਅਤੇ ਫੰਡਾਂ ਨੂੰ ਡਾਈਵਰਟ ਕੀਤੇ ਜਾਣ ਦਾ ਵੀ ਮਾਮਲਾ ਹੈ। ਰੌਇਲ ਅਸਟੇਟ ਗਰੁੱਪ ਨਾਲ ਸਬੰਧਿਤ ਕੰਪਨੀਆਂ ਦਾ ਲੈਣ ਦੇਣ ਸ਼ੱਕੀ ਜਾਪਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਜੂਨ 2025 ’ਚ ਬਿਲਡਰ ਪਰਵੀਨ ਕਾਂਸਲ ਉਰਫ਼ ਰੌਕੀ ਸਮੇਤ ਤਿੰਨ ਜਣਿਆਂ ’ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਸੀ। ਉਸ ਵਕਤ ਕਾਂਸਲ ਦੇ ਸਾਥੀ ਪਿਆਰੇ ਲਾਲ ਗਰਗ ਨੇ ਹੀ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਰੌਕੀ ਕਾਂਸਲ ਨੇ ਨਿਊ ਚੰਡੀਗੜ੍ਹ ’ਚ ਇੱਕ ਪ੍ਰਮੁੱਖ ਜ਼ਮੀਨ ਦੀ ਧੋਖਾਧੜੀ ਨਾਲ ਮਾਲਕੀ ਬਦਲੀ ਸੀ। ਮਾਲ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਮਗਰੋਂ ਇਹ ਮਾਮਲਾ ਖੋਲ੍ਹਿਆ ਗਿਆ ਸੀ।