India latest news

NEET UG paper leak: ਸੀ ਬੀ ਆਈ ਵੱਲੋਂ ਰੇਣੁਕਾਈ ਕੈਮਿਸਟਰੀ ਕਲਾਸਿਜ਼ ਦਾ ਸੰਸਥਾਪਕ ਗ੍ਰਿਫ਼ਤਾਰ

NEET UG paper leak: ਸੀ ਬੀ ਆਈ ਵੱਲੋਂ ਰੇਣੁਕਾਈ ਕੈਮਿਸਟਰੀ ਕਲਾਸਿਜ਼ ਦਾ ਸੰਸਥਾਪਕ ਗ੍ਰਿਫ਼ਤਾਰ
  • PublishedMay 18, 2026

NEET UG paper leak: ਸੀ ਬੀ ਆਈ ਨੇ ਨੀਟ ਯੂਜੀ (NEET UG) ਪੇਪਰ ਲੀਕ ਮਾਮਲੇ ਵਿੱਚ ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਵਿੱਚ ਰੇਣੁਕਾਈ ਕੈਮਿਸਟਰੀ ਕਲਾਸਿਜ਼ (ਆਰ.ਸੀ.ਸੀ.) ਚਲਾਉਣ ਵਾਲੇ ਸ਼ਿਵਰਾਜ ਰਘੂਨਾਥ ਮੋਤੇਗਾਓਂਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਐਤਵਾਰ ਨੂੰ ਏਜੰਸੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਮੋਤੇਗਾਓਂਕਰ ਦੇ ਮੋਬਾਈਲ ਫ਼ੋਨ ਤੋਂ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦਾ ਲੀਕ ਹੋਇਆ ਪ੍ਰਸ਼ਨ ਪੱਤਰ ਮਿਲਿਆ ਸੀ। ਉਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਦੋਸ਼ ਲਗਾਇਆ ਹੈ ਕਿ ਮੋਤੇਗਾਓਂਕਰ ਨੀਟ ਯੂਜੀ ਪੇਪਰ ਲੀਕ ਕਰਨ ਅਤੇ ਇਸਨੂੰ ਅੱਗੇ ਪਹੁੰਚਾਉਣ ਵਿੱਚ ਸ਼ਾਮਲ ਇੱਕ ਸੰਗਠਿਤ ਗੈਂਗ ਦਾ ਸਰਗਰਮ ਮੈਂਬਰ ਸੀ।

ਉਨ੍ਹਾਂ ਨੇ ਦੱਸਿਆ ਕਿ ਮੋਤੇਗਾਓਂਕਰ ਨੇ ਦੂਜੇ ਦੋਸ਼ੀਆਂ ਨਾਲ ਮਿਲ ਕੇ ਸਾਜ਼ਿਸ਼ ਤਹਿਤ 23 ਅਪ੍ਰੈਲ 2026 ਦੀ ਪ੍ਰੀਖਿਆ ਤੋਂ ਪਹਿਲਾਂ ਹੀ ਨੀਟ ਯੂਜੀ ਪ੍ਰੀਖਿਆ, 2026 ਦਾ ਪ੍ਰਸ਼ਨ ਪੱਤਰ ਅਤੇ ਉੱਤਰ ਪ੍ਰਾਪਤ ਕਰ ਲਏ ਸਨ। ਉਸ ਨੇ ਕਥਿਤ ਤੌਰ ‘ਤੇ ਇਹ ਪੇਪਰ ਕਈ ਲੋਕਾਂ ਨੂੰ ਅੱਗੇ ਭੇਜਿਆ ਸੀ।

ਪੇਪਰ ਲੀਕ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਏਜੰਸੀ ਨੇ ਇੱਕ ਐਫਆਈਆਰ (FIR) ਦਰਜ ਕੀਤੀ ਸੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ, ਜਿਸ ਕਾਰਨ 3 ਮਈ ਨੂੰ ਹੋਈ ਪ੍ਰੀਖਿਆ ਨੂੰ ਰੱਦ ਕਰਨਾ ਪਿਆ ਸੀ। ਇਹ ਪ੍ਰੀਖਿਆ ਦੇਸ਼ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ 14 ਕੇਂਦਰਾਂ ‘ਤੇ ਕਰਵਾਈ ਗਈ ਸੀ, ਜਿਸ ਵਿੱਚ ਦੇਸ਼ ਭਰ ਦੇ 23 ਲੱਖ ਉਮੀਦਵਾਰਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਕੋਲ ਰਜਿਸਟ੍ਰੇਸ਼ਨ ਕਰਵਾਈ ਸੀ।

ਐਨਟੀਏ (NTA) ਮੁਤਾਬਕ, ਪ੍ਰੀਖਿਆ ਹੋਣ ਦੇ ਚਾਰ ਦਿਨ ਬਾਅਦ 7 ਮਈ ਦੀ ਸ਼ਾਮ ਨੂੰ ਕਥਿਤ ਬੇਨਿਯਮੀਆਂ ਅਤੇ ਗੜਬੜੀ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੁਸ਼ਟੀ ਅਤੇ ਲੋੜੀਂਦੀ ਕਾਰਵਾਈ ਲਈ ਅਗਲੀ ਹੀ ਸਵੇਰ ਇਹ ਜਾਣਕਾਰੀ ਕੇਂਦਰੀ ਏਜੰਸੀਆਂ ਨੂੰ ਸੌਂਪ ਦਿੱਤੀ ਗਈ ਸੀ।
ਸੀਬੀਆਈ ਨੇ ਇਸ ਮਾਮਲੇ ਦੇ ਸਬੰਧ ਵਿੱਚ ਹੁਣ ਤੱਕ ਮਹਾਰਾਸ਼ਟਰ ਤੋਂ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਸ਼ਨਿਚਰਵਾਰ ਨੂੰ ਦਿੱਲੀ ਸਥਿਤ ਆਪਣੇ ਹੈੱਡਕੁਆਰਟਰ ਵਿੱਚ ਪੁੱਛਗਿੱਛ ਕਰਨ ਤੋਂ ਬਾਅਦ ਪੁਣੇ ਦੀ ਜੀਵ ਵਿਗਿਆਨ (Biology) ਦੀ ਲੈਕਚਰਾਰ ਮਨੀਸ਼ਾ ਗੁਰੂਨਾਥ ਮੰਧਾਰੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜੋ ਐਨਟੀਏ ਦੀ ਪੇਪਰ ਸੈੱਟ ਕਰਨ ਵਾਲੀ ਕਮੇਟੀ ਦਾ ਹਿੱਸਾ ਸੀ।