India latest news

India-UAE agreement: ਭਾਰਤ ਅਤੇ UAE ਵਿਚਾਲੇ ਤੇਲ ਭੰਡਾਰ ਅਤੇ LPG ਸਪਲਾਈ ਨੂੰ ਲੈ ਕੇ ਸਮਝੌਤੇ ਸਹੀਬੱਧ

India-UAE agreement: ਭਾਰਤ ਅਤੇ UAE ਵਿਚਾਲੇ ਤੇਲ ਭੰਡਾਰ ਅਤੇ LPG ਸਪਲਾਈ ਨੂੰ ਲੈ ਕੇ ਸਮਝੌਤੇ ਸਹੀਬੱਧ
  • PublishedMay 15, 2026

India-UAE agreement: ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਸ਼ੁੱਕਰਵਾਰ ਨੂੰ ਪੈਟਰੋਲੀਅਮ ਅਤੇ ਊਰਜਾ ਖੇਤਰ ਵਿੱਚ ਦੋ ਵੱਡੇ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿੱਚ ਭਾਰਤ ਦੇ ਰਣਨੀਤਕ ਭੰਡਾਰਾਂ ਵਿੱਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਲਈ ਇੱਕ ਰਣਨੀਤਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਸਪਲਾਈ ਦਾ ਸਹਿਯੋਗ ਸ਼ਾਮਲ ਹੈ।

ਇਹ ਸਮਝੌਤੇ ਉਸ ਸਮੇਂ ਹੋਏ ਹਨ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਪੱਛਮੀ ਏਸ਼ੀਆ ਵਿੱਚ ਵਧ ਰਹੇ ਇਲਾਕਾਈ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ‘ਤੇ ਡੂੰਘੀ ਗੱਲਬਾਤ ਕੀਤੀ।

ਇਸ ਦੌਰਾਨ ਦੋਵਾਂ ਦੇਸ਼ਾਂ ਨੇ ਰੱਖਿਆ, ਸ਼ਿਪਿੰਗ, ਬੁਨਿਆਦੀ ਢਾਂਚੇ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਸਮੁੰਦਰੀ ਖੇਤਰ ਵਿੱਚ ਹੁਨਰ ਵਧਾਉਣ ਲਈ ਅਹਿਮ ਸਮਝੌਤੇ ਕੀਤੇ। ਇਸ ਦੇ ਨਾਲ ਹੀ ਯੂ ਏ ਈ ਨੇ ਭਾਰਤ ਵਿੱਚ 5 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਵੀ ਕੀਤਾ।

ਇਸ ਮੁਲਾਕਾਤ ਦਾ ਸਭ ਤੋਂ ਅਹਿਮ ਨਤੀਜਾ ‘ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ’ (ISPRL) ਅਤੇ ‘ਅਬੂ ਧਾਬੀ ਨੈਸ਼ਨਲ ਆਇਲ ਕੰਪਨੀ’ (ADNOC) ਵਿਚਕਾਰ ਹੋਇਆ ਖ਼ਾਸ ਸਮਝੌਤਾ ਸੀ। ਇਸ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਊਰਜਾ ਸੁਰੱਖਿਆ ਦੇ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਅਤੇ ਗੂੜ੍ਹਾ ਕਰਨਾ ਹੈ।

ਸਮਝੌਤੇ ਦੇ ਤਹਿਤ, ADNOC ਭਾਰਤ ਦੀਆਂ ਰਣਨੀਤਕ ਪੈਟਰੋਲੀਅਮ ਰਿਜ਼ਰਵ ਸਹੂਲਤਾਂ ਵਿੱਚ 30 ਮਿਲੀਅਨ ਬੈਰਲ ਤੱਕ ਕੱਚਾ ਤੇਲ ਸਟੋਰ ਕਰ ਸਕਦਾ ਹੈ, ਜਿਸ ਵਿੱਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਟੋਰੇਜ ਬੁਨਿਆਦੀ ਢਾਂਚੇ ਅਤੇ ਓੜੀਸ਼ਾ ਦੇ ਚੰਡੀਖੋਲ ਵਿੱਚ ਭਵਿੱਖ ਦੀਆਂ ਰਿਜ਼ਰਵ ਸਹੂਲਤਾਂ ਵਿੱਚ ਭਾਗੀਦਾਰੀ ਸ਼ਾਮਲ ਹੈ।

ਇੱਕ ਹੋਰ ਵੱਡੇ ਫ਼ੈਸਲੇ ਵਿੱਚ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਅਤੇ ADNOC ਨੇ ਲੰਮੇ ਸਮੇਂ ਤੱਕ ਐੱਲ ਪੀ ਜੀ (LPG) ਦੀ ਸਪਲਾਈ ਜਾਰੀ ਰੱਖਣ ਲਈ ਇੱਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਵਿੱਚ ADNOC ਗੈਸ ਅਤੇ IOCL ਵਿਚਕਾਰ ਗੈਸ ਦੀ ਵਿਕਰੀ ਅਤੇ ਖਰੀਦ ਲਈ ਇੱਕ ਵਿਆਪਕ ਰੂਪ-ਰੇਖਾ ਤਿਆਰ ਕੀਤੀ ਗਈ ਹੈ।

ਅਧਿਕਾਰੀਆਂ ਮੁਤਾਬਕ ਇਹ ਸਮਝੌਤਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਹੋਰ ਮਜ਼ਬੂਤੀ ਦੇਵੇਗਾ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤ ਜਿੰਨੀ ਐੱਲ ਪੀ ਜੀ (LPG) ਦਰਾਮਦ ਕਰਦਾ ਹੈ, ਉਸ ਦਾ ਲਗਪਗ 40 ਫ਼ੀਸਦੀ ਹਿੱਸਾ ਇਕੱਲਾ ਯੂ ਏ ਈ ਹੀ ਦਿੰਦਾ ਹੈ। ਇਸ ਤੋਂ ਇਲਾਵਾ ਯੂ ਏ ਈ ਭਾਰਤ ਨੂੰ ਕੱਚਾ ਤੇਲ ਅਤੇ ਐੱਲ ਐੱਨ ਜੀ (LNG) ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ।