Sidhu Moosewala ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਰਿਲੀਜ਼; ਸੋਸ਼ਲ ਮੀਡੀਆ ’ਤੇ ਮਿੰਟਾਂ ’ਚ ਮਚਾਇਆ ਤਹਿਲਕਾ
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਭਾਵੁਕ ਅਤੇ ਉਤਸ਼ਾਹ ਭਰਿਆ ਰਿਹਾ। ਮੂਸੇਵਾਲਾ ਦੀ ਟੀਮ ਵੱਲੋਂ ਅੱਜ ਸਵੇਰੇ ਉਨ੍ਹਾਂ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜਾਰੀ ਕੀਤਾ ਗਿਆ। ਇਸ ਗੀਤ ਦੇ ਟੀਜ਼ਰ ਨੇ ਆਉਂਦਿਆਂ ਹੀ ਡਿਜੀਟਲ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ ਅਤੇ ਮਹਿਜ਼ ਦੋ ਮਿੰਟਾਂ ਵਿੱਚ ਹੀ ਇੰਸਟਾਗ੍ਰਾਮ ’ਤੇ 15,000 ਲਾਈਕਸ ਅਤੇ ਯੂਟਿਊਬ ’ਤੇ 1.2 ਲੱਖ ਤੋਂ ਵੱਧ ਵਿਊਜ਼ ਹਾਸਲ ਕਰ ਲਏ।
ਟੀਜ਼ਰ ਵਿੱਚ ਐਕਸ਼ਨ ਅਤੇ ਗੂੜ੍ਹੇ ਸੰਕੇਤ 34 ਸੈਕਿੰਡ ਦੇ ਇਸ ਟੀਜ਼ਰ ਦੀ ਸ਼ੁਰੂਆਤ ਪੰਜਾਬ ਦੇ ਨਕਸ਼ੇ ’ਤੇ ਮਾਨਸਾ ਜ਼ਿਲ੍ਹੇ ਵੱਲ ਬੰਦੂਕ ਤਾਣੇ ਇੱਕ ਨਕਾਬਪੋਸ਼ ਵਿਅਕਤੀ ਨਾਲ ਹੁੰਦੀ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਜੀਪ ਚਲਾਉਂਦੇ ਅਤੇ ਏ.ਕੇ. ਰਾਈਫਲ ਨਾਲ ਫਾਇਰਿੰਗ ਕਰਦੇ ਹੋਏ ਦਿਖਾਇਆ ਗਿਆ ਹੈ, ਜਦੋਂਕਿ ਕੁਝ ਲੋਕ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਟੀਜ਼ਰ ਵਿੱਚ ਇੱਕ ਛੋਟੀ ਜਿਹੀ ਲਾਈਨ “ਮੁੰਡਾ ਬਲੈਕ ਕੈਟ ਤੇਰੀ, ਤੇਰੇ ਗੋਲੀ ਮਰਵਾ ਦੂਗੀ” ਵੀ ਸੁਣਾਈ ਦਿੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੀਤ ਉਨ੍ਹਾਂ ਦੇ ਕਤਲ ਅਤੇ ਪਹਿਲਾਂ ਰਚੀਆਂ ਗਈਆਂ ਸਾਜ਼ਿਸ਼ਾਂ ਦੇ ਆਲੇ-ਦੁਆਲੇ ਕੇਂਦਰਿਤ ਹੋ ਸਕਦਾ ਹੈ।
ਵਰਲਡ ਟੂਰ ਅਤੇ ਹੋਲੋਗ੍ਰਾਮ ਤਕਨੀਕ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੇ 12 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦਾ ਪਿਛਲਾ ਗੀਤ ‘ਬਰੋਟਾ’ ਦੁਨੀਆ ਦਾ ਦੂਜਾ ਸਭ ਤੋਂ ਵੱਧ ਕਮੈਂਟ ਪ੍ਰਾਪਤ ਕਰਨ ਵਾਲਾ ਵੀਡੀਓ ਬਣ ਗਿਆ ਹੈ। ਹੁਣ ਉਨ੍ਹਾਂ ਦੀ ਟੀਮ ‘ਸਾਈਨਡ ਟੂ ਗੌਡ’ (Signed to God) ਨਾਮਕ ਵਰਲਡ ਟੂਰ ਦੀ ਤਿਆਰੀ ਕਰ ਰਹੀ ਹੈ। ਇਸ ਟੂਰ ਵਿੱਚ ਹੋਲੋਗ੍ਰਾਮ (3D ਪ੍ਰੋਜੈਕਸ਼ਨ) ਤਕਨੀਕ ਦੀ ਵਰਤੋਂ ਕੀਤੀ ਜਾਵੇਗੀ, ਜਿਸ ਰਾਹੀਂ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸਟੇਜ ’ਤੇ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਹੋਵੇਗਾ। ਇਹ ਟੂਰ ਭਾਰਤ ਸਮੇਤ ਅੱਠ ਦੇਸ਼ਾਂ ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ.ਕੇ., ਯੂ.ਏ.ਈ., ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਣ ਦੀ ਉਮੀਦ ਹੈ।ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਉਹ ਸਰੀਰਕ ਤੌਰ ’ਤੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀ ਸੰਗੀਤਕ ਵਿਰਾਸਤ ਅੱਜ ਵੀ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ।