Delhi Crime: ਦਿੱਲੀ ’ਚ ਸੀਨੀਅਰ IRS ਅਧਿਕਾਰੀ ਦੀ ਧੀ ਦੀ ਸ਼ੱਕੀ ਹਲਾਤ ’ਚ ਮੌਤ
Delhi Crime: ਦੱਖਣ-ਪੂਰਬੀ ਦਿੱਲੀ ਦੇ ਅਮਰ ਕਾਲੋਨੀ ਇਲਾਕੇ ਵਿੱਚ ਇੱਕ ਸੀਨੀਅਰ ਭਾਰਤੀ ਮਾਲੀਆ ਸੇਵਾ (IRS) ਅਧਿਕਾਰੀ ਦੀ ਜਵਾਨ ਧੀ ਦੀ ਉਸ ਦੇ ਘਰ ਵਿੱਚ ਹੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਮੁੱਢਲੀ ਜਾਂਚ ਤੋਂ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲੀਸ ਦੀ ਮੁੱਢਲੀ ਪੜਤਾਲ ਮੁਤਾਬਕ ਪੀੜਤਾ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਿਨਸੀ ਸ਼ੋਸ਼ਣ ਕੀਤੇ ਜਾਣ ਦੇ ਸੰਕੇਤ ਮਿਲੇ ਹਨ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਮਲਾਵਰ ਨੇ ਲੜਕੀ ਦਾ ਗਲਾ ਘੁੱਟਣ ਲਈ ਮੋਬਾਈਲ ਫ਼ੋਨ ਦੇ ਚਾਰਜਰ ਦੀ ਤਾਰ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕ ਦੀ ਸੂਈ ਇੱਕ ਘਰੇਲੂ ਨੌਕਰ ਵੱਲ ਘੁੰਮ ਰਹੀ ਹੈ, ਜਿਸ ਨੂੰ ਹਾਲ ਹੀ ਵਿੱਚ ਨੌਕਰੀ ਤੋਂ ਹਟਾਇਆ ਗਿਆ ਸੀ। ਪੁਲੀਸ ਨੂੰ ਸ਼ੱਕ ਹੈ ਕਿ ਇਸੇ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਫ਼ਰਾਰ ਨੌਕਰ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਉਸ ਦੀ ਮੌਜੂਦਗੀ ਬਾਰੇ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ।
ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਅਤੇ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋ ਸਕੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।