Delhi News: ISI-BKI ਦੀ ਕੈਮਰਿਆਂ ਰਾਹੀਂ ਜਾਸੂਸੀ ਦੀ ਸਾਜ਼ਿਸ਼ ਨਾਕਾਮ, ਪੰਜਾਬ ਦੇ 8 ਵਿਅਕਤੀਆਂ ਸਮੇਤ 11 ਗ੍ਰਿਫ਼ਤਾਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਦੀ ਕਥਿਤ ਸਰਪ੍ਰਸਤੀ ਵਾਲੇ ਜਾਸੂਸੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪਾਬੰਦੀਸ਼ੁਦਾ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸਬੰਧ ਰੱਖਣ ਵਾਲੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਫੌਜ ਨਾਲ ਜੁੜੇ ਅਦਾਰਿਆਂ ਸਮੇਤ ਸੰਵੇਦਨਸ਼ੀਲ ਇਲਾਕਿਆਂ ਦੀ ਨਿਗਰਾਨੀ ਕਰਨ ਲਈ ਕਈ ਥਾਵਾਂ ‘ਤੇ ਸੀ ਸੀ ਟੀ ਵੀ (CCTV) ਕੈਮਰੇ ਲਗਾ ਰਹੇ ਸਨ। ਪੁਲੀਸ ਟੀਮ ਨੂੰ ਦੇਸ਼ ਭਰ ਵਿੱਚ 9 ਥਾਵਾਂ ‘ਤੇ ਲਗਾਏ ਗਏ ਕੈਮਰੇ ਮਿਲੇ ਹਨ।
ਪਹਿਲੀ ਕਾਰਵਾਈ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬ ਅਤੇ ਤਿੰਨ ਦਿੱਲੀ ਦੇ ਹਨ। ਟੀਮ ਨੇ ਕਈ ਥਾਵਾਂ ‘ਤੇ ਸੰਵੇਦਨਸ਼ੀਲ ਸੁਰੱਖਿਆ ਅਤੇ ਰੱਖਿਆ ਅਦਾਰਿਆਂ ਨੇੜੇ ਲਗਾਏ ਗਏ ਨੌਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੀ ਸੀ ਟੀ ਵੀ ਕੈਮਰੇ ਬਰਾਮਦ ਕੀਤੇ ਹਨ। ਵਧੀਕ ਪੁਲੀਸ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਇਨ੍ਹਾਂ ਦੀ ਲਾਈਵ ਫੀਡ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜੀ ਜਾ ਰਹੀ ਸੀ।
ਪੁਲੀਸ ਨੇ ਤਿੰਨ PX5 ਪਿਸਤੌਲ, ਇੱਕ ਦੇਸੀ ਹਥਿਆਰ ਅਤੇ 24 ਜ਼ਿੰਦਾ ਕਾਰਤੂਸ ਵੀ ਜ਼ਬਤ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੀਆਂ ਗਤੀਵਿਧੀਆਂ ਲਈ ਯੂ ਪੀ ਆਈ ਰਾਹੀਂ ਫੰਡ ਪ੍ਰਾਪਤ ਕਰ ਰਹੇ ਸਨ। ਇਹ ਪੈਸਾ ਨਜਾਇਜ਼ ਹਥਿਆਰਾਂ ਦੀ ਤਸਕਰੀ ਰਾਹੀਂ ਕਮਾਇਆ ਗਿਆ ਸੀ।