Vrindavan Boat Accident: ਪੰਜਾਬ ਤੋਂ ਵਰਿੰਦਾਬਨ ਗਏ ਸ਼ਰਧਾਲੂਆਂ ਦੀ ਕਿਸ਼ਤੀ ਪਲਟੀ; 10 ਹਲਾਕ
ਮਥੁਰਾ ਦੇ ਵਰਿੰਦਾਬਨ ਵਿੱਚ ਅੱਜ ਦੁਪਹਿਰ ਵੇਲੇ ਇਕ ਵੱਡੀ ਕਿਸ਼ਤੀ ਪਲਟ ਗਈ ਜਿਸ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ। ਇਸ ਕਿਸ਼ਤੀ ਵਿਚ 30 ਦੇ ਕਰੀਬ ਜਣੇ ਸਵਾਰ ਸਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਰਧਾਲੂਆਂ ਦਾ ਇੱਕ ਗਰੁੱਪ ਮੰਦਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਯਮੁਨਾ ਦੀ ਸੈਰ ਕਰਨ ਲਈ ਇੱਕ ਕਿਸ਼ਤੀ ਵਿੱਚ ਸਵਾਰ ਹੋਇਆ ਸੀ। ਦੁਪਹਿਰ ਦੇ ਕਰੀਬ ਢਾਈ ਵਜੇ ਜਦੋਂ ਇਹ ਕਿਸ਼ਤੀ ਕੇਸ਼ੀਘਾਟ ਤੋਂ ਥੋੜ੍ਹੀ ਦੂਰ ਅੱਗੇ ਵਧੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਨਦੀ ਵਿੱਚ ਪਲਟ ਗਈ। ਇਸ ਹਾਦਸੇ ਕਾਰਨ ਕਿਸ਼ਤੀ ਵਿੱਚ ਸਵਾਰ ਸਾਰੇ ਸ਼ਰਧਾਲੂ ਪਾਣੀ ਵਿੱਚ ਡੁੱਬ ਗਏ ਅਤੇ ਹਾਹਾਕਾਰ ਮੱਚ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਯੋਗੀ ਆਦਿੱਤਿਆਨਾਥ ਨਾਲ ਕੀਤੀ ਗੱਲਬਾਤ; ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ
ਵਰਿੰਦਾਬਨ ਵਿੱਚ ਵਾਪਰੇ ਕਿਸ਼ਤੀ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਹੈ। ਇਸ ਹਾਦਸੇ ਵਿੱਚ ਪੰਜਾਬ ਦੇ ਜਗਰਾਉਂ ਸ਼ਹਿਰ ਦੇ ਰਹਿਣ ਵਾਲੇ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਤਮਿਕ ਯਾਤਰਾ ‘ਤੇ ਗਏ ਸ਼ਰਧਾਲੂਆਂ ਦਾ ਇਸ ਤਰ੍ਹਾਂ ਵਿਛੜ ਜਾਣਾ ਬਹੁਤ ਹੀ ਦੁਖਦਾਈ ਹੈ।