India latest news

Goa Nightclub Fire Case: ED ਵੱਲੋਂ 17 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

Goa Nightclub Fire Case: ED ਵੱਲੋਂ 17 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ
  • PublishedApril 8, 2026

ਈਡੀ ਨੇ ਗੋਆ ਦੇ ‘ਬਿਰਚ ਬਾਈ ਰੋਮੀਓ ਲੇਨ’ (Birch by Romeo Lane) ਨਾਈਟ ਕਲੱਬ ਦੇ ਮਾਲਕਾਂ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਕਰਦੇ ਹੋਏ 17.45 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਕਲੱਬ ਵਿੱਚ ਦਸੰਬਰ 2025 ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ।

ਜਾਂਚ ਏਜੰਸੀ ਮੁਤਾਬਕ ਅਰਪੋਰਾ ਵਿੱਚ ਸਥਿਤ ਇਹ ਕਲੱਬ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਸੇ ਸਬੰਧ ਵਿੱਚ ਜਨਵਰੀ ਮਹੀਨੇ ਦੌਰਾਨ ਕਲੱਬ ਦੇ ਪ੍ਰਮੋਟਰਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ ਦੇ ਦਿੱਲੀ, ਗੋਆ ਅਤੇ ਹਰਿਆਣਾ ਸਥਿਤ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨ।

ਜ਼ਿਕਰਯੋਗਹੈ ਕਿ 6 ਦਸੰਬਰ 2025 ਨੂੰ ਅਰਪੋਰਾ ਪਿੰਡ ਦੇ ਇਸ ਕਲੱਬ ਵਿੱਚ ਜਦੋਂ ਇੱਕ ਡਾਂਸ ਪਾਰਟੀ ਚੱਲ ਰਹੀ ਸੀ, ਤਾਂ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 25 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਲਗਪਗ 50 ਦੇ ਕਰੀਬ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ।

ਗੌਰਵ ਅਤੇ ਸੌਰਭ ਲੂਥਰਾ ਵਿਰੁੱਧ ਜਨਵਰੀ ਵਿੱਚ ਹੋਈ ਛਾਪੇਮਾਰੀ ਤੋਂ ਬਾਅਦ ਹੁਣ ਪੁਖ਼ਤਾ ਸਬੂਤ ਇਕੱਠੇ ਕੀਤੇ ਜਾ ਚੁੱਕੇ ਹਨ। ਈਡੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਲੱਬ ਦਾ ਸੰਚਾਲਨ ਸਿਰਫ਼ ਲਾਇਸੰਸ ਦੇ ਮਾਮਲੇ ਵਿੱਚ ਹੀ ਗਲਤ ਨਹੀਂ ਸੀ, ਸਗੋਂ ਇਸ ਦੇ ਵਿੱਤੀ ਲੈਣ-ਦੇਣ ਵਿੱਚ ਵੀ ਭਾਰੀ ਗੜਬੜੀਆਂ ਸਨ। ਦਿੱਲੀ ਅਤੇ ਹਰਿਆਣਾ ਵਿੱਚ ਫੈਲੇ ਉਨ੍ਹਾਂ ਦੇ ਕਾਰੋਬਾਰੀ ਸਬੰਧਾਂ ਨੂੰ ਵੀ ਇਸ ਮਨੀ ਲਾਂਡਰਿੰਗ ਜਾਂਚ ਦੇ ਘੇਰੇ ਵਿੱਚ ਲਿਆ ਗਿਆ ਹੈ।

ਦੱਸਣਾ ਬਣਦਾ ਹੈ ਕਿ 25 ਮੌਤਾਂ ਦੇ ਇਸ ਮਾਮਲੇ ਵਿੱਚ ਹੁਣ ਤੱਕ ਸਿਰਫ਼ ਅਪਰਾਧਿਕ ਕੇਸ ਚੱਲ ਰਿਹਾ ਸੀ ਪਰ ਈਡੀ ਦੀ ਕਾਰਵਾਈ ਨਾਲ ਉਨ੍ਹਾਂ ਸਾਰੇ ਅਦਾਰਿਆਂ ਲਈ ਇੱਕ ਸਖ਼ਤ ਚਿਤਾਵਨੀ ਹੈ ਜੋ ਮਨੁੱਖੀ ਜਾਨਾਂ ਦੀ ਕੀਮਤ ‘ਤੇ ਗੈਰ-ਕਾਨੂੰਨੀ ਢੰਗ ਨਾਲ ਕਮਾਈ ਕਰਦੇ ਹਨ। ਜ਼ਬਤ ਕੀਤੀਆਂ ਗਈਆਂ ਇਹ ਜਾਇਦਾਦਾਂ ਹੁਣ ਕੇਸ ਦੇ ਅੰਤਿਮ ਨਤੀਜੇ ਤੱਕ ਸਰਕਾਰ ਦੇ ਨਿਯੰਤਰਣ ਹੇਠ ਰਹਿਣਗੀਆਂ।