IPL: Lucknow Super Giants ਨੇ Sunrisers Hyderabad ਨੂੰ 5 ਵਿਕਟਾਂ ਨਾਲ ਹਰਾਇਆ
ਆਈਪੀਐਲ ਦੇ 10ਵੇਂ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 5 ਵਿਕਟਾਂ ਨਾਲ ਮਾਤ ਦੇ ਕੇ ਇਸ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਹੈਦਰਾਬਾਦ ਦੀ ਟੀਮ ਨੂੰ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਲਖਨਊ ਨੇ ਇਸ ਟੀਚੇ ਨੂੰ 19.5 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।
ਬੱਲੇਬਾਜ਼ੀ ਦੌਰਾਨ ਹੈਦਰਾਬਾਦ ਲਈ ਹੇਨਰਿਕ ਕਲਾਸਨ ਨੇ 62 ਅਤੇ ਨਿਤੀਸ਼ ਕੁਮਾਰ ਰੈੱਡੀ ਨੇ 56 ਦੌੜਾਂ ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਕਾਰ ਪੰਜਵੀਂ ਵਿਕਟ ਲਈ 116 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ ਜਿਸ ਨੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਲਖਨਊ ਦੀ ਗੇਂਦਬਾਜ਼ੀ ਪੱਖੋਂ ਮੁਹੰਮਦ ਸ਼ਮੀ, ਪ੍ਰਿੰਸ ਯਾਦਵ ਅਤੇ ਆਵੇਸ਼ ਖਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2-2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਦਿਗਵੇਸ਼ ਰਾਠੀ ਅਤੇ ਮਣੀਮਾਰਨ ਸਿਧਾਰਥ ਦੇ ਹਿੱਸੇ 1-1 ਵਿਕਟ ਆਈ। ਮੈਚ ਦੌਰਾਨ ਇੱਕ ਖ਼ਾਸ ਪਲ ਉਦੋਂ ਦੇਖਣ ਨੂੰ ਮਿਲਿਆ ਜਦੋਂ ਰਿਸ਼ਭ ਪੰਤ ਨੇ ਹਰਸ਼ਲ ਪਟੇਲ ਨੂੰ ਬੜੀ ਫੁਰਤੀ ਨਾਲ ਰਨ ਆਊਟ ਕੀਤਾ।