Raghav Chadha-AAP rift: ‘ਘਾਇਲ ਹਾਂ ਇਸ ਲਈ ਘਾਤਕ ਹਾਂ’: Raghav Chadha ਦਾ ਆਪਣੀ ਹੀ ਪਾਰਟੀ ‘ਆਪ’ ’ਤੇ ਤਿੱਖਾ ਪਲਟਵਾਰ
ਆਮ ਆਦਮੀ ਪਾਰਟੀ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਚੱਲ ਰਹੀ ਜੰਗ ਸ਼ਨੀਵਾਰ ਨੂੰ ਉਸ ਵੇਲੇ ਹੋਰ ਭਖ ਗਈ ਜਦੋਂ ਚੱਢਾ ਨੇ ਫ਼ਿਲਮ ‘ਧੁਰੰਦਰ’ ਦਾ ਮਸ਼ਹੂਰ ਡਾਇਲੌਗ “ਮੈਂ ਘਾਇਲ ਹਾਂ ਇਸ ਲਈ ਘਾਤਕ ਹਾਂ” ਵਰਤ ਕੇ ਆਪਣੀ ਹੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਪਾਰਟੀ ਵੱਲੋਂ ਲਾਏ ਗਏ ਤਿੰਨ ਮੁੱਖ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਚੱਢਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਪਾਰਟੀ ਇੱਕ ਵੀ ਦੋਸ਼ ਸਾਬਤ ਕਰਕੇ ਦਿਖਾਵੇ।
ਰਾਘਵ ਚੱਢਾ ਨੇ ਪਾਰਟੀ ਦੇ ਦੋਸ਼ਾਂ ਦਾ ਦਿੱਤਾ ਜਵਾਬ ਦਿੰਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਵਾਕਆਊਟ ਦਾ ਸਮਰਥਨ ਨਹੀਂ ਕਰਦੇ, ਚੱਢਾ ਨੇ ਕਿਹਾ ਕਿ ਰਾਜ ਸਭਾ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਸਕਦੇ ਹਨ ਜੋ ਸੱਚਾਈ ਬਿਆਨ ਕਰ ਦੇਣਗੇ। ਮੁੱਖ ਚੋਣ ਕਮਿਸ਼ਨਰ (CEC) ਵਿਰੁੱਧ ਮਹਾਂਦੋਸ਼ ਦੇ ਮਤੇ ’ਤੇ ਦਸਤਖ਼ਤ ਨਾ ਕਰਨ ਦੇ ਦੋਸ਼ ’ਤੇ ਉਨ੍ਹਾਂ ਕਿਹਾ ਕਿ ‘ਆਪ’ ਦੇ 10 ਵਿੱਚੋਂ 6 ਸੰਸਦ ਮੈਂਬਰਾਂ ਨੇ ਦਸਤਖਤ ਨਹੀਂ ਕੀਤੇ ਸਨ ਕਿਉਂਕਿ ਮਤੇ ਲਈ ਸਿਰਫ਼ 50 ਮੈਂਬਰਾਂ ਦੇ ਦਸਤਖਤ ਹੀ ਕਾਫ਼ੀ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨੇ ਉਨ੍ਹਾਂ ਕੋਲ ਇਸ ਲਈ ਪਹੁੰਚ ਨਹੀਂ ਕੀਤੀ ਸੀ।
ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਡਰਨ ਦੇ ਦੋਸ਼ ’ਤੇ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੇ ਪਾਣੀਆਂ, ਦਿੱਲੀ ਦੇ ਪ੍ਰਦੂਸ਼ਣ ਅਤੇ ਟੈਕਸਾਂ ਵਰਗੇ ਅਹਿਮ ਮੁੱਦੇ ਜ਼ੋਰ-ਸ਼ੋਰ ਨਾਲ ਚੁੱਕੇ ਹਨ।
ਚੱਢਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਸੰਸਦ ਵਿੱਚ ਟੈਕਸ ਦਾਤਾਵਾਂ ਦੇ ਮੁੱਦੇ ਚੁੱਕਣ ਅਤੇ ਆਪਣਾ ਪ੍ਰਭਾਵ ਛੱਡਣ ਲਈ ਗਏ ਹਨ, ਨਾ ਕਿ ‘ਮਾਇਕ ਤੋੜਨ ਅਤੇ ਸ਼ੋਰ ਮਚਾਉਣ’ ਲਈ। ਉਨ੍ਹਾਂ ‘ਆਪ’ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਖਿਲਾਫ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਨਾ ਜਾਰੀ ਰੱਖਣਗੇ। ਇਸ ਬਿਆਨ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਹੁਣ ਜਨਤਕ ਤੌਰ ’ਤੇ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ।